ਛੱਤਬੀੜ ਚਿੜੀਆਘਰ ਦੇ ਜੰਗਲੀ ਜਾਨਵਰਾਂ ਨੂੰ ਗੋਦ ਲੈਣ ਦੀ ਡੀ ਸੀ ਜੈਨ ਵੱਲੋਂ ਕੀਤੀ ਅਪੀਲ ਨੂੰ ਮਿਲਿਆ ਵੱਡਾ ਹੁੰਗਾਰਾ

  • ਸ਼ੇਰ ਅਕਸ਼ਿਤ ਟ੍ਰਾਈਸਿਟੀ ਵਿੱਚ ਲਾਲੜੂ ਦੀ ਉਦਯੋਗਿਕ ਇਕਾਈ ਏ ਐਲ ਪੀ ਨਿਸ਼ੀਕਾਵਾ ਦਾ ਪਹਿਲਾ ਜੰਗਲੀ ਪਾਲਤੂ ਬਣਿਆ
  • ਛੱਤਬੀੜ ਚਿੜੀਆਘਰ ਦੇ ਜੰਗਲੀ ਜਾਨਵਰ ਨੂੰ ਇੱਕ ਸਾਲ ਜਾਂ ਮਹੀਨੇ ਲਈ ਲਿਆ ਜਾ ਸਕਦਾ ਹੈ ਗੋਦ

ਐਸ.ਏ.ਐਸ.ਨਗਰ, 30 ਜੂਨ : ਛੱਤਬੀੜ ਦੇ ਇੱਕ ਬੇਹਤਰੀਨ ਏਸ਼ੀਆਈ ਸ਼ੇਰ, ਅਕਸ਼ਿਤ ਨੂੰ ਅੱਜ ਇੱਕ ਨਵਾਂ ਪਰਿਵਾਰ ਮਿਲ ਗਿਆ। ਉਹ ਟ੍ਰਾਈਸਿਟੀ ਵਿੱਚ ਪਹਿਲੀ ਵਾਰ ਕਿਸੇ ਉਦਯੋਗਿਕ ਇਕਾਈ ਦੁਆਰਾ ਗੋਦ ਲਿਆ ਜਾਣ ਵਾਲਾ ਪਹਿਲਾ ਵੱਡਾ ਜੰਗਲੀ ਜਾਨਵਰ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਛੱਤਬੀੜ ਚਿੜੀਆਘਰ ਦੇ ਦੌਰੇ 'ਤੇ ਗਏ ਸਨ, ਜਿੱਥੇ ਚਿੜੀਆਘਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਚਿੜੀਆਘਰ ਦੇ ਜਾਨਵਰਾਂ ਨੂੰ ਗੋਦ ਲੈਣ ਦੀ ਸਕੀਮ ਬਾਰੇ ਜਾਣੂ ਕਰਵਾਇਆ ਅਤੇ ਇਸ ਸਕੀਮ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੀ ਮਦਦ ਦੀ ਮੰਗ ਕੀਤੀ, ਚਿੜੀਆਘਰ ਤੋਂ ਵਾਪਸ ਪਰਤਣ ਉਪਰੰਤ, ਉਨ੍ਹਾਂ ਨੇ ਜੰਗਲੀ ਜਾਨਵਰਾਂ ਦੀ ਸੰਭਾਲ ਵਿੱਚ ਸਹਾਇਕ ਜੰਗਲੀ ਜਾਨਵਰਾਂ ਨੂੰ ਗੋਦ ਲੈਣ ਦੀ ਇਸ ਯੋਜਨਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨਾਲ  ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟੀਮ ਵਿੱਚੋਂ ਇਸ ਯੋਜਨਾ ਨੂੰ ਅਮਲੀ ਰੂਪ ਦੇਣ ਵਿੱਚ ਪਹਿਲ ਕਰਿਦਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਰਸ਼ਜੀਤ ਸਿੰਘ ਨੇ ਲਾਲੜੂ, ਡੇਰਾਬੱਸੀ ਤੋਂ ਏ.ਐਲ.ਪੀ ਨਿਸ਼ੀਕਾਵਾ ਕੰਪਨੀ ਪ੍ਰਾਈਵੇਟ ਲਿਮਟਿਡ ਨੂੰ ਦਾਨੀ ਵਜੋਂ ਤਿਆਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।  ਇੱਥੋਂ ਤੱਕ ਕਿ ਦਾਨੀ ਵੀ ਚਿੜੀਆਘਰ ਦੇ ਵਿੱਚ ਰਹਿਣ ਵਾਲੇ ਆਪਣੇ ਪਹਿਲੇ ਗੋਦ ਲਏ ਪਾਲਤੂ ਜਾਨਵਰ ਦੇ ਰੂਪ ਵਿੱਚ ਅਜਿਹੇ ਇੱਕ ਵਿਸ਼ਾਲ ਜਾਨਵਰ ਨੂੰ ਲੈ ਕੇ ਬੜਾ ਉਤਸ਼ਾਹਿਤ ਸੀ। ਇਸ ਮਾਣਮੱਤੇ ਦਾਨੀ ਨੇ ਅੱਜ ਆਪਣੇ ਜੰਗਲੀ ਪਾਲਤੂ ਜਾਨਵਰ ਦੀ ਇੱਕ ਸਾਲ ਤੱਕ ਦੀ ਸਾਂਭ ਸੰਭਾਲ ਲਈ 206400 ਰੁਪਏ ਦੀ ਰਾਸ਼ੀ ਦਾ ਚੈੱਕ ਵੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੌਂਪਿਆ ਜੋ ਕਿ ਅੱਗੇ ਛੱਤਬੀੜ ਚਿੜੀਆਘਰ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਜੰਗਲੀ ਜਾਨਵਰਾਂ ਨੂੰ ਗੋਦ ਲੈਣ ਦੀ ਸਕੀਮ ਦਾ ਸਨਮਾਨ ਕਰਨ ਲਈ ਡੂੰਘੀ ਦਿਲਚਸਪੀ ਦਿਖਾਉਣ ਲਈ ਦਾਨੀ ਸਨਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਦਾਨੀ ਸੱਜਣਾਂ ਲਈ ਵੀ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ ਕਿ ਚਿੜੀਆਘਰ ਦੇ ਜਾਨਵਰਾਂ ਅਤੇ ਪੰਛੀਆਂ ਨੂੰ ਵਿਦਿਆਰਥੀ, ਜ਼ਿਲ੍ਹੇ ਦੇ ਲੋਕ ਅਤੇ ਹੋਰ ਪਸ਼ੂ ਪ੍ਰੇਮੀ ਗੋਦ ਲੈ ਸਕਦੇ ਹਨ ਕਿਉਂ ਜੋ ਵੱਖ ਵੱਖ ਪ੍ਰਜਾਤੀਆਂ ਨੂੰ ਮਾਸਿਕ ਜਾਂ ਸਲਾਨਾ ਗੋਦ ਲੈਣ ਦੀ ਵੱਖੋ ਵੱਖਰੀ ਯੋਗਦਾਨ ਰਾਸ਼ੀ ਤੈਅ ਹੈ।  ਛੱਤਬੀੜ ਚਿੜੀਆਘਰ ਦੀ ਫੀਲਡ ਡਾਇਰੈਕਟਰ ਕਲਪਨਾ ਕੇ,  ਨੇ ਦਾਨੀ ਸੱਜਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚਿੜੀਆਘਰ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਟ੍ਰਾਈਸਿਟੀ ਦੀ ਕੋਈ ਪ੍ਰਾਈਵੇਟ ਸਨਅਤ ਸ਼ੇਰ ਨੂੰ ਗੋਦ ਲੈ ਕੇ ਜੰਗਲੀ ਜੀਵ ਸੁਰੱਖਿਆ ਲਈ ਅੱਗੇ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਗੋਦ ਲਏ ਜਾਨਵਰ ਦੇ ਪਿੰਜਰੇ ਦੇ ਸਾਹਮਣੇ ਇੱਕ ਬੋਰਡ 'ਤੇ ਗੋਦ ਲੈਣ ਵਾਲੇ ਦਾ ਨਾਮ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ, ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਹੋਣ ਦੇ ਨਾਲ-ਨਾਲ ਸਾਲ ਵਿੱਚ ਚਾਰ ਵਾਰ ਚਿੜੀਆਘਰ ਦਾ ਮੁਫਤ ਦੌਰਾ ਕਰਨ ਦਾ ਅਵਸਰ ਵੀ ਪ੍ਰਾਪਤ ਕਰਨਗੇ। ਟ੍ਰਾਈਸਿਟੀ ਦੇ ਲੋਕਾਂ ਨੂੰ ਜੰਗਲੀ ਪਸ਼ੂ ਗੋਦ ਲੈਣ ਦੀ ਯੋਜਨਾ ਦਾ ਹਿੱਸਾ ਬਣਨ ਲਈ ਇੱਕ ਮਹੀਨੇ/ਸਾਲ ਲਈ ਜੰਗਲੀ ਜਾਨਵਰਾਂ ਨੂੰ ਗੋਦ ਲੈਣ ਲਈ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਲੁਪਤ ਹੋ ਰਹੀਆਂ ਨਸਲਾਂ ਅਤੇ ਹੋਰ ਸੰਭਾਲ ਪ੍ਰੋਜੈਕਟਾਂ ਲਈ ਪ੍ਰਜਨਨ ਪ੍ਰੋਗਰਾਮਾਂ ਵਿੱਚ ਮਦਦ ਕਰਦਾ ਹੈ।  ਉਨ੍ਹਾਂ ਕਿਹਾ ਕਿ ਗੋਦ ਲੈਣ ਦੀ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 98558-08072 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਵਿਦਿਆਰਥੀ ਕੇਵਲ 50 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਕਰਕੇ ਜਦਕਿ ਹੋਰ 23900 ਰੁਪਏ ਤੱਕ ਦੇ ਘੱਟੋ-ਘੱਟ ਮਾਸਿਕ ਖਰਚੇ 'ਤੇ ਜਾਂ 600 ਰੁਪਏ ਤੋਂ 286800 ਰੁਪਏ ਸਾਲਾਨਾ ਯੋਗਦਾਨ ਦੇ ਕੇ ਪੰਛੀਆਂ, ਰੈਪਟਾਈਲਜ਼ ਅਤੇ ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ ਗੋਦ ਲੈ ਸਕਦੇ ਹਨ।