ਡੀ.ਸੀ. ਫਰੀਦਕੋਟ ਨੇ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜਿਲ੍ਹਾ ਫਰੀਦਕੋਟ ਦੇ ਸਰਪੰਚਾਂ ਅਤੇ ਨੰਬਰਦਾਰਾਂ ਨਾਲ ਕੀਤੀ ਅਹਿਮ ਮੀਟਿੰਗ

ਫਰੀਦਕੋਟ 20 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਅਤੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੇ ਸਮੂਹ ਸਰਪੰਚਾਂ ਅਤੇ ਨੰਬਰਦਾਰਾਂ ਨਾਲ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦੇ ਡਿਪਟੀ ਕਮਿਸ਼ਨਰ ਨੇ ਆਏ ਹੋਏ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਚੱਲ ਰਹੀ ਮੁਹਿੰਮ ਵਿੱਚ ਪ੍ਰਸ਼ਾਸ਼ਨ ਦੀ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਬਸਿਡੀ ਵਾਲੀ ਮਸ਼ੀਨਰੀ ਕਿਰਾਏ ਤੇ ਨਾ ਦੇਣ ਵਾਲੇ ਕਿਸਾਨ ਤੋਂ ਪ੍ਰਸ਼ਾਸਨ ਸਬਸਿਡੀ ਦੀ ਰਕਮ ਵਿਆਜ ਸਮੇਤ ਵਾਪਿਸ ਵਸੂਲੇਗਾ।  ਉਨ੍ਹਾਂ ਕਿਹਾ ਕਿ ਮਸ਼ੀਨਰੀ ਦੀਆਂ ਲਿਸਟਾਂ ਵਿਭਾਗ ਵੱਲੋਂ ਸੁਸਾਇਟੀਆਂ ਵਿੱਚ ਲਗਾ ਦਿੱਤੀਆਂ ਗਈਆ ਹਨ। ਡਾ. ਆਰ.ਕੇ ਸਿੰਘ ਪ੍ਰੋਫੈਸਰ ਕੇ.ਵੀ.ਕੇ ਫਰੀਦਕੋਟ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀ ਜਾਂਦੀ ਖੇਤੀ ਮਸ਼ੀਨਰੀ ਦੀ ਜਾਣਕਾਰੀ ਪੀ.ਪੀ.ਟੀ ਰਾਹੀਂ ਦਿੱਤੀ ਗਈ। ਡਾ. ਯਾਦਵਿੰਦਰ ਸਿੰਘ ਖੇਤੀ ਵਿਭਾਗ ਅਫਸਰ ਫਰੀਦਕੋਟ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋਂ ਬਲਾਕ ਕੋਟਕਪੂਰਾ ਅਤੇ ਜੈਤੋ ਦੇ ਸਰਪੰਚਾਂ ਅਤੇ ਨੰਬਰਦਾਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਦਾ ਕੰਮ ਆਪਣੇ ਘਰ ਤੋਂ ਸ਼ੁਰੂ ਕਰਕੇ ਆਪਣੇ ਪਿੰਡਾਂ ਵਿੱਚ ਇਸਦਾ ਵਿਸਥਾਰ ਕਰਨ। ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾਜਾਖਾਨਾ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਘੱਟ ਰਹੀ ਗੁਣਵੱਤਾ ਅਤੇ ਖੇਤੀ ਨੂੰ ਹੋਰ ਰਹੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਕਰਨਜੀਤ ਗਿੱਲ ਨੇ ਸਮੂਹ ਸਰਪੰਚਾਂ ਅਤੇ ਨੰਬਰਦਾਰਾਂ ਦੀਆਂ ਪਰਾਲੀ ਪ੍ਰਬੰਧਨ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਸੁਝਾਅ ਬਾਰੇ ਸੁਣਿਆ ਅਤੇ ਉਨ੍ਹਾਂ ਦੇ ਹੱਲ ਕਰਨ ਸਬੰਧੀ ਵਿਸ਼ਵਾਸ਼ ਦਵਾਇਆ।  ਉਨ੍ਹਾਂ ਵੱਲੋਂ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਲਖਵੀਰ ਸਿੰਘ, ਡਾ. ਅਸ਼ਵਨੀ ਕੁਮਾਰ, ਡਾ. ਰੁਪਿੰਦਰ ਸਿੰਘ, ਡਾ. ਰਮਨ ਸੰਧੂ, ਡਾ. ਪ੍ਰਿੰਸਦੀਪ ਸਾਰੇ ਖੇਤੀਬਾੜੀ ਵਿਕਾਸ ਅਫਸਰ, ਡਾ. ਅਮਨਦੀਪ ਕੇਸ਼ਵ ਪੀ.ਡੀ. ਆਤਮਾ ਅਤੇ ਵੱਡੀ ਗਿਣਤੀ ਵਿੱਚ ਸਰਪੰਚ ਅਤੇ ਨੰਬਰਦਾਰ ਹਾਜ਼ਰ ਸਨ।