ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਹੈਪੀ ਸੀਡਰ ਨਾਲ ਛੋਟੇ ਕਿਸਾਨਾਂ ਦੇ ਖੇਤਾਂ 'ਚ ਮੁਫ਼ਤ ਕਣਕ ਦੀ ਬਿਜਾਈ ਜਾਰੀ

  • ਸਹਿਕਾਰੀ ਸਭਾਵਾਂ ਦੇ 324 ਹੈਪੀ ਸੀਡਰ ਨਾਲ ਜ਼ਿਲ੍ਹੇ ਦੇ ਛੋਟੇ ਕਿਸਾਨਾਂ ਦੇ ਖੇਤਾਂ 'ਚ ਕੀਤੀ ਜਾ ਰਹੀ ਹੈ ਮੁਫ਼ਤ ਕਣਕ ਦੀ ਬਿਜਾਈ : ਡਿਪਟੀ ਕਮਿਸ਼ਨਰ
  • ਕਿਹਾ, ਜ਼ਿਲ੍ਹੇ 'ਚ 252 ਪ੍ਰਦਰਸ਼ਨੀ ਪਲਾਟ ਰਾਹੀਂ ਕਣਕ ਦੀ ਬਿਜਾਈ ਕਰਨ ਦਾ ਟੀਚਾ

ਪਟਿਆਲਾ, 4 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਕੇ ਜ਼ਿਲ੍ਹੇ ਦੇ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ ਇੱਕ ਏਕੜ ਖੇਤ 'ਚ ਪ੍ਰਦਰਸ਼ਨੀ ਪਲਾਟ ਸਕੀਮ ਤਹਿਤ ਕਣਕ ਦੀ ਬਿਜਾਈ ਸਹਿਕਾਰੀ ਸਭਾਵਾਂ ਦੇ ਹੈਪੀ ਸੀਡਰ ਨਾਲ ਮੁਫ਼ਤ ਕਰਕੇ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।  ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਹੀ ਮਿਲਾਕੇ ਇਸ ਨੂੰ ਅੱਗ ਨਾ ਲਗਾਉਣ ਲਈ ਲਗਾਤਾਰ ਉਤਸ਼ਾਹਤ ਕਰ ਰਿਹਾ ਹੈ। ਇਸੇ ਲੜੀ ਤਹਿਤ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਹੈਪੀ ਸੀਡਰ ਨਾਲ ਛੋਟੇ ਕਿਸਾਨਾਂ ਦੇ ਖੇਤਾਂ ਵਿੱਚ ਮੁਫ਼ਤ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਕੋਲ 324 ਹੈਪੀ ਸੀਡਰ ਮੌਜੂਦ ਹਨ ਅਤੇ ਇਨ੍ਹਾਂ ਮਸ਼ੀਨਾਂ ਦੀ ਸਦਵਰਤੋਂ ਕਰਕੇ ਇਨ੍ਹਾਂ ਰਾਹੀਂ ਢਾਈ ਏਕੜ ਤੋਂ ਘੱਟ ਜਮੀਨ ਦੀ ਮਾਲਕੀ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਇੱਕ ਏਕੜ ਜਮੀਨ ਵਿੱਚ ਪ੍ਰਦਰਸ਼ਨੀ ਪਲਾਟ ਵਜੋਂ ਆਪਣੇ ਖ਼ਰਚੇ ਉਪਰ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਇਸ ਨੂੰ ਜਮੀਨ ਵਿੱਚ ਹੀ ਮਿਲਾਕੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਵਾ ਕੇ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਵਿਭਾਗ ਵੱਲੋਂ 13 ਪ੍ਰਦਰਸ਼ਨੀ ਪਲਾਟ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਕਰੀਬ 252 ਏਕੜ ਜਮੀਨ ਵਿੱਚ ਪ੍ਰਦਰਸ਼ਨੀ ਪਲਾਟ ਰਾਹੀਂ ਕਣਕ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸਹਿਕਾਰੀ ਸਭਾਵਾਂ ਦੀਆਂ 324 ਹੈਪੀ ਸੀਡਰ ਮਸ਼ੀਨਾਂ ਵੀ ਵਰਤੋਂ 'ਚ ਆਉਣਗੀਆਂ ਤੇ ਇੱਕ ਮਸ਼ੀਨ ਨਾਲ ਇੱਕ ਏਕੜ ਜਮੀਨ 'ਚ ਪ੍ਰਦਰਸ਼ਨੀ ਪਲਾਟ ਵਜੋਂ ਕਣਕ ਦੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵਟਸ ਐਪ ਚੈਟ ਬੋਟ ਨੰਬਰ 7380016070 ਦਾ ਪੂਰਾ ਲਾਭ ਲੈਣ ਦੀ ਵੀ ਅਪੀਲ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਲੋੜ ਮੁਤਾਬਕ ਹੁਣ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫੇਸ ਸੀਡਰ ਮੁਹੱਈਆ ਕਰਵਾਏ ਜਾ ਰਹੇ ਹਨ।