ਸਥਾਨਕ ਲੋਕਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਮੂਹ ਸੰਗਤਾਂ ਨੇ ਸਹਿਯੋਗ ਨਾਲ ਪਿੰਡ ਘੜੁੰਮ ਦੇ ਨੇੜੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ-ਡਿਪਟੀ ਕਮਿਸ਼ਨਰ

  • ਬੰਨ੍ਹ ਨੂੰ ਪੂਰਨ ਦਾ ਕੰਮ ਮੁਕੰਮਲ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਤ ਬਾਬਾ ਸੁੱਖ ਸਿੰਘ ਜੀ ਕਾਰਸੇਵਾ ਸਰਹਾਲੀ ਕਲਾਂ ਵਾਲਿਆਂ ਨੂੰ ਵਿਸ਼ੇਸ ਤੌਰ ‘ਤੇ ਕੀਤਾ ਗਿਆ ਸਨਮਾਨਿਤ
  • ਡਿਪਟੀ ਕਮਿਸ਼ਨਰ ਨੇ ਬੰਨ੍ਹ ਨੰੁ ਹੋਰ ਮਜ਼ਬੂਤ ਕਰਨ ਲਈ ਡਰੇਨੇਜ਼ ਵਿਭਾਗ ਨੂੰ ਦਿੱਤੇ ਲੋੜੀਂਦੇ ਆਦੇਸ਼

ਹਰੀਕੇ ਪੱਤਣ, 28 ਅਗਸਤ : ਸਥਾਨਕ ਲੋਕਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਮੂਹ ਸੰਗਤਾਂ ਨੇ ਸਹਿਯੋਗ ਨਾਲ ਅਤੇ ਸੰਤ ਬਾਬਾ ਸੁੱਖ ਸਿੰਘ ਜੀ ਕਾਰਸੇਵਾ ਸਰਹਾਲੀ ਕਲਾਂ ਦੀ ਅਗਵਾਈ ਹੇਠ ਅੱਜ 10ਵੇਂ ਦਿਨ ਦਰਿਆ ਸਤਲੁਜ ਕਿਨਾਰੇ ਪਿੰਡ ਘੜੁੰਮ ਦੇ ਨੇੜੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਹੋ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਆਈ. ਏ. ਐੱਸ. ਨੇ ਦੱਸਿਆ ਕਿ ਇਸ ਬੰਨ੍ਹ ਨੂੰ ਪੂਰਨ ਕਰਨ ਦਾ ਕੰਮ ਇੰਨੇ ਘੱਟ ਸਮੇਂ ਵਿੱਚ ਮੁਕੰਮਲ ਕਰਨਾ ਸਿਰਫ਼ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਨੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਇਸ ਬੰਨ੍ਹ ਨੂੰ ਪੂਰਨ ਦਾ ਕੰਮ ਮੁਕੰਮਲ ਹੋਣ ‘ਤੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਅਤੇ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਸ੍ਰ. ਦਿਲਬਾਗ਼ ਸਿੰਘ ਨੇ ਬੰਨ੍ਹ ‘ਤੇ ਪਹੁੰਚ ਕੇ ਸੰਤ ਬਾਬਾ ਸੁੱਖ ਸਿੰਘ ਜੀ ਕਾਰਸੇਵਾ ਸਰਹਾਲੀ ਕਲਾਂ ਵਾਲਿਆਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀਤੀ 19 ਅਗਸਤ ਨੂੰ ਇਸ ਬੰਨ੍ਹ ਵਿੱਚ ਪਾੜ ਪੈ ਗਿਆ, ਜਿਸ ਨਾਲ ਇਲਾਕੇ ਦੇ ਲੱਗੱਭਗ 19 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਉਹਨਾਂ ਦੱਸਿਆ ਕਿ ਇਸ ਬੰਨ੍ਹ ਵਿੱਚ ਲੱਗਭੱਗ 440 ਫੁੱਟ ਪਾੜ ਪੈ ਗਿਆ ਸੀ, ਜਿਸ ਸਥਾਨਕ ਲੋਕਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਮੂਹ ਸੰਗਤਾਂ ਨੇ ਸਹਿਯੋਗ ਨਾਲ ਪੂਰ ਦਿੱਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ।ਉਹਨਾਂ ਦੱਸਿਆ ਕਿ ਇਸ ਬੰਨ੍ਹ ਨੰੁ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਾਰਜ ਕਰਵਾਏ ਜਾਣਗੇ, ਜਿਸ ਲਈ ਡਰੇਨੇਜ਼ ਵਿਭਾਗ ਨੂੰ ਲੋੜੀਂਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।ਉਹਨਾਂ ਕਿਹਾ ਲੋਕਾਂ ਦੀ ਸਹੂਲਤ ਲਈ 07 ਰਾਹਤ ਕੇਂਦਰ ਬਣਾਏ ਗਏ ਹਨ, ਜਿੱਥੇ ਉਹਨਾਂ ਨੂੰ ਰਾਸ਼ਨ, ਪੀਣ ਵਾਲਾ ਪਾਣੀ, ਲੰਗਰ, ਦਵਾਈਆਂ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰਭਾਵਿਤ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਚਾਰੇ, ਫੀਡ ਅਤੇ ਸਾਇਲੇਜ਼ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸੰਤ ਬਾਬਾ ਸੁੱਖ ਸਿੰਘ ਜੀ ਕਾਰਸੇਵਾ ਸਰਹਾਲੀ ਕਲਾਂ ਵਾਲਿਆਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆਈ ਸੰਗਤ, ਸਥਾਨਕ ਲੋਕਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਇਸ ਬੰਨ੍ਹ ਨੂੰ ਪੂਰਨ ਲਈ ਤਨੋਂ, ਮਨੋਂ ਅਤੇ ਧਨੋਂ ਸਹਿਯੋਗ ਦੇਣ ‘ਤੇ ਕੋਟਿ-ਕੋਟਿ ਧੰਨਵਾਦ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਜਿਸ ਦੇ ਓਟ ਆਸਰੇ ਸਦਕਾ ਇਸ ਬੰਨ੍ਹ ਨੂੰ ਪੂਰਨ ਦਾ ਕੰਮ ਸੰਪੂਰਨ ਹੋਇਆ ਹੈ।