ਸਰਾਭਾ ਵਿਖੇ ਸੜਕ ਲੁੱਕ ਨਾਲ ਨਹੀਂ,ਥੁੱਕ ਨਾਲ ਬਣਾ ਰਿਹਾ ਠੇਕੇਦਾਰ : ਸਰਾਭਾ

ਮੁੱਲਾਪੁਰ  ਦਾਖਾ 25, ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਤੋਂ ਗਦਰੀ ਬਾਬਾ ਚੂਹੜ ਸਿੰਘ ਲੀਲ੍ਹ ਦੇ ਜੱਦੀ ਪਿੰਡ ਨੂੰ ਜਾਣ ਵਾਲੀ ਸੜਕ ਨੂੰ ਲੁੱਕ ਨਹੀਂ ਥੁੱਕ ਬਣਾ ਰਹੇ ਹਨ ਠੇਕੇਦਾਰ । ਇਨਾ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਸਰਾਭਾ ਦੇ ਪ੍ਰਧਾਨ ਹਰਦੀਪ ਸਿੰਘ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਅੱਗੇ ਆਖਿਆ ਕਿ ਲੰਮੇ ਸਮੇਂ ਤੋਂ ਪੱਥਰ ਪਾ ਕੇ ਛੱਡੀ ਗਈ ਸੜਕ ਅੱਜ ਲੁਕ ਪਾਉਣ ਦਾ ਕੰਮ ਜਿਵੇਂ ਹੀ ਸ਼ੁਰੂ ਹੋਇਆ ਤਾਂ ਦੇਖਿਆ ਕਿ ਬਿਨਾਂ ਸਫਾਈ ਕਰਨ ਤੋਂ ਸੜਕ ਤੇ ਮੁਲਾਜ਼ਮ ਲੁੱਕ ਪਾ ਰਹੇ ਸਨ। ਜਦੋ ਪੁੱਛਿਆ ਕਿ ਤੁਸੀਂ ਸਫਾਈ ਕਰਕੇ ਲੁਕ ਕਿਉਂ ਨਹੀਂ ਪਾ ਰਹੇ ਤਾਂ ਉਨਾਂ ਨੇ ਆਖਿਆ ਕਿ ਤੁਸੀਂ ਸਾਡੇ ਠੇਕੇਦਾਰ ਨਾਲ ਗੱਲ ਕਰੋ ਸਾਨੂੰ ਕੰਮ ਕਰਨ ਦਿਓ। ਜਦੋਂ ਅਸੀਂ ਇਸ ਸੜਕ ਨਾਲ ਸਬੰਧਤ ਠੇਕੇਦਾਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਵੀ ਇਹ ਆਖ ਕੇ ਪੱਲਾਂ ਝਾੜ ਦਿੱਤਾ ਕਿ ਸਫਾਈ ਕੀਤੀ ਗਈ ਹੈ  ਤਾਂ ਫਿਰ ਅਸੀਂ ਐਕਸ਼ਨ ਸਾਹਿਬ ਨੂੰ ਫੋਨ ਤੇ ਸਾਰੇ ਜਾਣਕਾਰੀ ਦਿੱਤੀ। ਜਿਨਾਂ ਨੇ ਮੌਕੇ ਤੇ ਜੇ ਈ ਸਾਹਿਬ ਨੂੰ ਭੇਜ ਕੇ ਸੜਕ ਦਾ ਨਿਰਮਾਣ ਕੰਮ ਚੈੱਕ ਕਰਨ ਲਈ ਭੇਜਿਆ। ਜਦਕਿ ਜੇ ਈ ਸਾਹਿਬ ਨੇ ਵੀ ਗਲਤ ਤਰੀਕੇ ਨਾਲ ਪੈ ਰਹੀ ਲੁੱਕ, ਬਜਰੀ ਦਾ ਕੰਮ ਰੋਕਣ ਲਈ ਆਖਿਆ, ਪਰ ਮੁਲਾਜ਼ਮ ਉਹਨਾਂ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਸਨ। ਉਹਨਾਂ ਨੇ ਆਪਣੇ ਸੀਨੀਅਰ ਅਫਸਰ ਦੇ ਧਿਆਨ ਵਿੱਚ ਸਾਰਾ ਮਸਲਾ ਲਿਆਂਦਾ । ਪ੍ਰਧਾਨ ਹਰਦੀਪ ਸਿੰਘ ਸਰਾਭਾ ਵੱਲੋਂ ਲੁੱਕ ਪਾਉਣ ਵਾਲੀਆਂ ਮਸ਼ੀਨਾਂ ਦੇ ਸਾਹਮਣੇ ਖੜ ਕੇ ਵਿਰੋਧ ਕੀਤਾ ਤਦ ਸਾਰਾ ਕੰਮ ਬੰਦ ਹੋ ਗਿਆ। ਕਿਸਾਨ ਆਗੂ ਨੇ ਆਖਿਆ ਕਿ ਜਦੋਂ ਤੱਕ ਇਸ ਸੜਕ ਤੇ ਪਏ ਪੱਥਰਾਂ ਦੀ ਪੂਰੀ ਤਰ੍ਹਾਂ ਸਫਾਈ ਨਹੀਂ ਹੋ ਜਾਂਦੀ ਅਸੀਂ ਲੁੱਕ ਪਾਉਣ ਦਾ ਕੰਮ ਨਹੀਂ ਚੱਲਣ ਦਿਆਂਗੇ। ਉਹਨਾਂ ਨੇ ਆਖਰ ਵਿੱਚ ਆਖਿਆ ਕਿ ਇਹ ਸੜਕ ਦਾ ਕੰਮ ਪਹਿਲਾਂ ਹੀ ਕਾਫੀ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਤੇ ਹੁਣ ਬੇਵਜਾ ਇਸ ਸੜਕ ਨੂੰ ਘਟੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਜੋ ਕਦੇ ਚਿੱਤ ਬਰਦਾਸ਼ਤ ਨਹੀਂ ਕਰਾਂਗੇ ਉਸ ਲਈ ਭਾਵੇਂ ਸਾਨੂੰ ਸਬੰਧਤ ਠੇਕੇਦਾਰ ਖਿਲਾਫ ਮੋਰਚਾ ਕਿਉਂ ਨਾ ਲਾਉਣਾ ਪਵੇ। ਇਸ ਮੌਕੇ ਯਾਦਵਿੰਦਰ ਸਿੰਘ ਰਿੰਕੂ ਸਰਾਭਾ ਆਦਿ ਪਿੰਡ ਵਾਸੀ ਵੀ ਹਾਜ਼ਰ ਸਨ।