ਐਸ ਏ ਐਸ ਨਗਰ ਵਿੱਚ ਸਿਟੀ ਬੱਸ ਸੇਵਾ ਦੀ ਚਲਾਉਣ ’ਤੇ ਵਿਚਾਰ : ਆਸ਼ਿਕਾ ਜੈਨ

  • ਮੁਢਲੇ ਤੌਰ ’ਤੇ ਇਲੈਕਟ੍ਰਿਕ ਵਾਹਨਾਂ ਨਾਲ 10 ਰੂਟ ਕਵਰ ਕੀਤੇ ਜਾਣਗੇ
  • ਸੜ੍ਹਕਾਂ ’ਤੇ ਪ੍ਰਦੂਸ਼ਣ ਅਤੇ ਟ੍ਰੈਫਿਕ ਘਟਾਉਣ ਦੇ ਉਦੇਸ਼ ਨਾਲ ਚੁੱਕਿਆ ਜਾਵੇਗਾ ਕਦਮ
  • ਡੀ ਸੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ

ਐਸ.ਏ.ਐਸ.ਨਗਰ, 22 ਜੂਨ : ਐਸ.ਏ.ਐਸ.ਨਗਰ ਸ਼ਹਿਰ ਦੀਆਂ ਸੜ੍ਹਕਾਂ ’ਤੇ ਪ੍ਰਦੂਸ਼ਣ ਅਤੇ ਟ੍ਰੈਫਿਕ ਘਟਾਉਣ ਲਈ ਸਿਟੀ ਬੱਸ ਸੇਵਾ ਸ਼ੁਰੂ ਕਰਨ ’ਤੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਦੀ ਸਫ਼ਲਤਾ/ ਸੰਭਾਵਨਾ ਦਾ ਪਤਾ ਲਾਉਣ ਲਈ ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਿਟੀ ਬੱਸ ਸੇਵਾ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਸੇਵਾ ਵਿੱਚ ਲਾਇਆ ਜਾਵੇਗਾ। ਮੁਢਲੇ ਤੌਰ ’ਤੇ 10 ਰੂਟਾਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਦਾ ਸਰਵੇਖਣ ਜਾਰੀ ਹੈ। ਪਹਿਲੇ ਪੜਾਅ ਦੇ ਤਜ਼ਵੀਜ਼ਤ ਰੂਟਾਂ ਵਿੱਚ ਡੇਰਾਬੱਸੀ ਤੋਂ ਘੜੂੰਆਂ, ਡੇਰਾਬੱਸੀ ਤੋਂ ਕਹਿਰੜ, ਜ਼ੀਰਕਪੁਰ ਤੋਂ ਕੁਰਾਲੀ, ਜ਼ੀਰਕਪੁਰ ਤੋਂ ਖਰੜ, ਖਰੜ ਤੋਂ ਈਕੋ-ਸਿਟੀ 1, ਮੋਹਾਲੀ ਰੇਲਵੇ ਸਟੇਸ਼ਨ ਤੋਂ ਈਕੋ-ਸਿਟੀ 1, ਮੋਹਾਲੀ ਰੇਲਵੇ ਸਟੇਸ਼ਨ ਤੋਂ ਨਯਾਗਾਂਵ, ਮੋਹਾਲੀ ਤੋਂ ਬਨੂੜ, ਮੋਹਾਲੀ ਤੋਂ ਬਨੂੜ, ਮੋਹਾਲੀ ਤੋਂ ਮੋਹਾਲੀ (ਸਿਟੀ ਏਰੀਏਜ਼) ਅਤੇ ਮੋਹਾਲੀ ਤੋਂ ਡੇਰਾਬੱਸੀ ਸ਼ਾਮਿਲ ਹਨ। ਇਸ ਪੜਾਅ ਵਿੱਚ ਔਸਤ ਰੂਟ ਦੀ ਲੰਬਾਈ 29 ਕਿਲੋਮੀਟਰ ਹੋਵੇਗੀ ਅਤੇ ਹਰੇਕ ਰੂਟ 'ਤੇ ਔਸਤਨ 15 ਮਿੰਟ ਦੀ ਬੱਸ ਸੇਵਾ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਦੂਜੇ ਪੜਾਅ ਵਿੱਚ ਡੇਰਾਬੱਸੀ ਤੋਂ ਖਰੜ, ਮੁਹਾਲੀ ਰੇਲਵੇ ਸਟੇਸ਼ਨ ਤੋਂ ਜ਼ੀਰਕਪੁਰ, ਮੁਹਾਲੀ ਤੋਂ ਬਨੂੜ, ਕੁਰਾਲੀ ਤੋਂ ਚੰਡੀਗੜ੍ਹ ਏਅਰ ਪੋਰਟ, ਕੁਰਾਲੀ ਤੋਂ ਸੈਕਟਰ 17 ਚੰਡੀਗੜ੍ਹ ਅਤੇ ਲਾਲੜੂ ਤੋਂ ਮੁਹਾਲੀ ਸ਼ਾਮਲ ਹੋਣਗੇ। ਦੂਜੇ ਪੜਾਅ ਵਿੱਚ ਔਸਤ ਰੂਟ ਦੀ ਲੰਬਾਈ 24 ਕਿਲੋਮੀਟਰ ਹੋਵੇਗੀ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਹਾਦਸਿਆਂ ਦੀਆਂ ਸਭਾਵਨਾਵਾਂ ਨੂੰ ਘਟਾਉਣ ਲਈ ਬਲੈਕ ਸਪਾਟਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਗਮਾਡਾ ਅਤੇ ਨੈਸ਼ਨਲ ਹਾਈਵੇ ਨੂੰ ਇਨ੍ਹਾਂ ਦੀ ਮੌਜੂਦਾ ਗਿਣਤੀ 37 ਤੋਂ ਘਟਾ ਕੇ ਜ਼ੀਰੋ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਹਿਲਾਂ ਬਲੈਕ ਸਪਾਟਸ ਦੀ ਗਿਣਤੀ 80 ਸੀ ਅਤੇ ਅਸੀਂ ਇਸਨੂੰ ਜ਼ੀਰੋ ’ਤੇ ਲਿਆਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਸਕੂਲ ਵੈਨਾਂ ਦੇ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਅਧਿਕਾਰੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਬਾਅਦ ਵਿੱਦਿਅਕ ਸੰਸਥਾਵਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ। ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਵਿੰਗ ਨੂੰ ਏਅਰੋ ਸਿਟੀ ਰੋਡ ’ਤੇ ਸੜ੍ਹਕ ਹਾਦਸਿਆਂ ਨੂੰ ਘੱਟ ਕਰਨ ਲਈ ਸਪੀਡ ਟੇਬਲ ਦੀ ਲੋੜ ਵਾਲੇ ਚੌਰਾਹਿਆਂ (ਇੰਟਰ ਸੈਕਸ਼ਨਾਂ) ਦਾ ਸਰਵੇ ਕਰਨ ਲਈ ਕਿਹਾ ਗਿਆ। ਸਪੀਡ ਟੇਬਲ ਲਗਾਉਣ ਦਾ ਕੰਮ ਮਿਉਂਸਪਲ ਕਾਰਪੋਰੇਸ਼ਨ/ਨੈਸ਼ਨਲ ਹਾਈਵੇਅ ਦੁਆਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਸੜ੍ਹਕ ਦੁਰਘਟਨਾਵਾਂ ਨੂੰ ਰੋਕਣ ਲਈ ਜਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸੜ੍ਹਕਾਂ ਤੇ ਬਲੈਕ ਸਪੋਟਾਂ (ਦੁਰਘਟਨਾਵਾਂ ਵਾਲੀਆ ਥਾਵਾਂ) ਨੂੰ ਸਹੀ ਕਰਨ ਲਈ ਐਨ.ਐਚ.ਏ.ਆਈ, ਗਮਾਡਾ, ਬੀ ਐਂਡ ਆਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇੱਕ ਮਹੀਨੇ ਦੀ ਮੋਹਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਰੋਡ ਸੇਫਟੀ ਉਪਕਰਣਾਂ ਦੀ ਖਰੀਦ ਕਰਨ ਲਈ ਵੀ ਅਧਿਕਾਰਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਾਰਣ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐੱਸ.ਡੀ.ਐੱਮ. ਮੋਹਾਲੀ ਸਰਬਜੀਤ ਕੌਰ, ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਸਕੱਤਰ, ਆਰ ਟੀ ਏ ਪ੍ਰਦੀਪ ਸਿੰਘ ਢਿੱਲੋਂ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।