ਸਿਹਤ ਵਿਭਾਗ ਵੱਲੋ ਆਇਰਨ ਦੀਆਂ ਗੋਲੀਆਂ ਸਬੰਧੀ ਵਿਸ਼ੇਸ਼ ਟ੍ਰੇਨਿੰਗ ਮੁਕੰਮਲ 

ਬਰਨਾਲਾ, 22 ਜਨਵਰੀ : ਸਿਹਤ ਵਿਭਾਗ ਬਰਨਾਲਾ ਵੱਲੋਂ  ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਕਿਸ਼ੋਰ ਕਿਸ਼ੋਰੀਆਂ ਨੂੰ ਸਕੂਲਾਂ ਅਤੇ ਘਰਾਂ ਵਿੱਚ  ਆਇਰਨ ਦੀਆਂ ਗੋਲੀਆਂ ਦੇਣ ਸਬੰਧੀ ਜਾਗਰੂਕ ਕਰਨ ਲਈ 8 ਜਨਵਰੀ ਤੋਂ 22 ਜਨਵਰੀ  ਤੱਕ ਜ਼ਿਲ੍ਹੇ ਦੇ ਸਮੂਹ ਨੋਡਲ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਦਫ਼ਤਰ ਟ੍ਰੇਨਿੰਗ ਅਨੈਕਸੀ ਹਾਲ ਵਿਖੇ ਰੋਜ਼ਾਨਾ ਦੋ ਵੱਖ ਵੱਖ ਬੈਚਾਂ ਵਿੱਚ ਟ੍ਰੇਨਿੰਗ ਦਿੱਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ  ਨੇ ਦੱਸਿਆ ਕਿ ਕਿਸ਼ੋਰ ਕਿਸ਼ੋਰੀਆਂ  ਸਾਡੇ ਆਉਣ ਵਾਲੇ ਭਵਿੱਖ ਦਾ ਆਧਾਰ ਹਨ ਅਤੇ ਇਨ੍ਹਾਂ ਨੂੰ ਸਿਹਤ ਵਿੱਚ ਆਉਣ ਵਾਲੇ ਕੁਦਰਤੀ ਵਿਕਾਸ ,ਇਸ ਸਬੰਧੀ ਸਹੀ ਗਿਆਨ ਅਤੇ ਅਨੀਮਿਆਂ ਤੋਂ ਬਚਾਅ ਲਈ ਆਇਰਨ ਦੀ ਗੋਲੀ ਦੇਣ ਲਈ ਸਿਹਤ ਵਿਭਾਗ ਤਨਦੇਹੀ ਤੇ ਜਿੰਮੇਵਾਰੀ ਨਾਲ ਆਪਣਾ ਕੰਮ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ  ਇਸ ਟ੍ਰੇਨਿੰਗ ਸੈਸ਼ਨ ਦੇ ਮਾਸਟਰ ਟ੍ਰੇਨਰ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਮੈਡਮ ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਅਤੇ ਹਰਜੀਤ ਸਿੰਘ ਬਾਗੀ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਵੱਲੋਂ ਸਕੂਲਾਂ ਦੇ ਨੋਡਲ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਸਕੂਲਾਂ ਵਿੱਚ ਕਿਸ਼ੋਰ ਕਿਸ਼ੋਰੀਆਂ ਨੂੰ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਕਿਸੇ ਵੀ ਕਾਰਨ ਘਰਾਂ ਵਿੱਚ ਰਹਿ ਰਹੀਆਂ ਕਿਸ਼ੋਰੀਆਂ ਨੂੰ ਆਇਰਨ ਦੀਆਂ ਇਹ ਗੋਲੀਆਂ ਦੇਣ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਇਹ ਆਉਣ ਵਾਲੇ ਸਮੇਂ ਵਿੱਚ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਣ ।