ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਪਿੰਡਾਂ ਵਿੱਚ ਚਲਾਈ ਜਾ ਰਹੀ ਸਫਾਈ ਮੁਹਿੰਮ : ਧਾਲੀਵਾਲ

  • ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਰਹਿੰਦ, ਬਸੀ ਪਠਾਣਾ ਤੇ ਖੇੜਾ ਦੇ ਵੱਖ-ਵੱਖ ਪਿੰਡਾਂ ਵਿੱਚ ਕਰਵਾਈ ਸਾਫ ਸਫਾਈ

ਫ਼ਤਹਿਗੜ੍ਹ ਸਾਹਿਬ, 26 ਸਤੰਬਰ  : ਸਵੱਛਤਾ ਹੀ ਸੇਵਾ ਅਧੀਨ 02 ਅਕਤੂਬਰ ਤੱਕ ਕਰਵਾਈ ਜਾ ਰਹੀ ਸਫਾਈ ਮੁਹਿੰਮ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਸਾਫ ਸਫਾਈ ਕਰਵਾਈ ਜਾ ਰਹੀ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਸਾਫ ਸਫਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛਤਾ ਹੀ ਸੇਵਾ ਪੰਦਰਵਾੜੇ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀਆਂ, ਮਨਰੇਗਾ ਕਾਮਿਆਂ, ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਹੋਰ ਸਫਲਤਾ ਪੂਰਬਕ ਤੇਜੀ ਨਾਲ ਅੱਗੇ ਵਧਾਇਆ ਜਾ  ਰਿਹਾ ਹੈ ਤਾਂ ਜੋ ਪਿੰਡਾਂ ਵਿੱਚ ਸਾਫ ਸਫਾਈ ਕਰਵਾ ਕੇ ਪਿੰਡਾਂ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਈਸ਼ਾਨ ਕੌਸ਼ਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਦੇ ਸਕੂਲਾਂ, ਆਂਗਨਵਾੜੀ ਸੈਂਟਰਾਂ, ਸਾਂਝੀਆਂ ਜਲ ਸਪਲਾਈ ਸਕੀਮਾਂ ਤੇ ਹੋਰ ਸਥਾਨਾਂ ਦੀ ਸਾਫ ਸਫਾਈ ਕਰਵਾਈ ਗਈ ਤਾਂ ਜੋ ਜ਼ਿਲ੍ਹੇ ਦੇ ਪਿੰਡਾਂ ਨੂੰ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਪਿੰਡਾਂ ਦੀ ਸ਼੍ਰੇਣੀ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਖਰੇ ਤੇ ਭਮਾਰਸੀ ਜੇਰ, ਰਿਆ ਤੇ ਭੜੀ, ਪਨੈਚਾ, ਪੰਜਕੋਹਾ, ਜੋਧਪੁਰ, ਰੈਲੀ, ਬਾਗ ਸਿੰਕਦਰ, ਮੁਸਤਫਾਬਾਦ, ਰਾਏਪੁਰ ਰਾਈਆਂ, ਜੱਲੋਵਾਲ, ਧੀਰਪੁਰ, ਪੀਰਜੈਨ ਤੇ ਭਗਤਪੁਰਾ ਵਿਖੇ ਸਾਫ ਸਫਾਈ ਕਰਵਾਈ ਗਈ। ਇਸ ਮੌਕੇ ਮਨਦੀਪ ਸਿੰਘ, ਪਰਦੀਪ ਕੁਮਾਰ, ਨਵਜੋਤ ਸਿੰਘ, ਜਸਪ੍ਰੀਤ ਸਿੰਘ, ਦਲਜੀਤ ਕੌਰ, ਦਲਵਾਰਾ ਸਿੰਘ ਤੇ ਹਰਮਨਜੀਤ ਕੌਰ ਨੇ ਵੀ ਲੋਕਾਂ ਨੂੰ ਸਾਫ ਸਫਾਈ ਲਈ ਜਾਗਰੂਕ ਕੀਤਾ।