ਗਿਆਨੀ ਜ਼ੈਲ ਸਿੰਘ ਨਗਰ ‘ਚ ਬਣਾਈ ਜਾਵੇਗੀ ਕਲੀਨ ਸਟ੍ਰੀਟ ਫੂਡ ਹੱਬ: ਵਧੀਕ ਡਿਪਟੀ ਕਮਿਸ਼ਨਰ

ਰੂਪਨਗਰ, 26 ਅਪ੍ਰੈਲ : ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਜ਼ਰੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਖਾਣ-ਪੀਣ ਦੇ ਲਈ ਤੰਦਰੁਸਤ ਅਤੇ ਵਧੀਆ ਵਾਤਾਵਰਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ਼ ਗਿਆਨੀ ਜ਼ੈਲ ਸਿੰਘ ਨਗਰ ਵਿਚ ਕਲੀਨ ਸਟ੍ਰੀਟ ਫੂਡ ਹੱਬ ਸਥਾਪਿਤ ਕੀਤੀ ਜਾਵੇਗੀ। ਮੀਟਿੰਗ ਵਿਚ ਹਾਜ਼ਰ ਰੈਸਟੋਰੈਂਟ ਤੇ ਹੋਟਲਾਂ ਦੇ ਨੁਮਾਇੰਦਿਆਂ ਅਤੇ ਮਾਲਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹੋ ਜਿਸ ਲਈ ਜ਼ਰੂਰੀ ਹੈ ਕਿ ਆਪ ਸਭ ਵਲੋਂ ਤਾਜ਼ਾ ਅਤੇ ਸਾਫ-ਸੁਥਰਾ ਭੋਜਨ ਹੀ ਬਣਾਇਆ ਜਾਵੇ ਅਤੇ ਰਸੋਈ ਦੀ ਸਾਫ-ਸਫਾਈ ਦਾ ਵਿਸ਼ੇਸ਼ ਤੌਰ ਉਤੇ ਧਿਆਨ ਵੀ ਰੱਖਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਵਿਭਾਗ ਵਲੋਂ ਮਾਰਚ ਮਹੀਨੇ ਵਿਚ ਰੋਪੜ ਦੇ ਹੋਟਲ/ਰੈਸਟੋਰੈਂਟਾਂ ਅਤੇ ਭੋਜਨ ਵਿਕਰੇਤਾਵਾਂ ਦੀ ਐਫ.ਐਸ.ਐਸ.ਏ.ਆਈ. ਦੇ ਨਿਯਮਾਂ ਤਹਿਤ ਸਾਫ-ਸਫਾਈ ਰੱਖਣ ਵਾਲ਼ਿਆਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਰੈਸਟੋਰੈਂਟਾਂ ਆਦਿ ਦੇ ਰਸੋਈਆਂ ਦੀ ਸਮੀਖਿਆ ਫੂਡ ਸੇਫਟੀ ਵਿਭਾਗ ਵਲੋਂ ਨਿਯਮਤ ਤੌਰ ਉਤੇ ਕੀਤੀ ਗਈ ਅਤੇ ਜਿਸ ਉਪਰੰਤ ਪਾਇਆ ਗਿਆ ਕਿ ਇਨ੍ਹਾਂ ਵਲੋਂ ਭੋਜਨ ਬਣਾਉਣ ਵੇਲੇ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਂਦੀ ਹੈ। ਹਰਜੋਤ ਕੌਰ ਵਲੋਂ ਸਨਮਾਨਿਤ ਕੀਤੇ ਜਾਣ ਵਾਲ਼ੇ ਹੋਟਲ/ਰੈਸਟੋਰੈਂਟਾਂ ਵਿਚ ਕਰਿਐਟਿਵ ਫੂਡ, ਐਚ.ਐਮ.ਟੀ ਰਿਜ਼ੋਰਟ, ਗ੍ਰੈਂਡ ਓਰਚੈਰਡ ਰਿਜ਼ੋਰਟ, ਹੋਟਲ ਸਾਹਿਲ, ਕਿੱਕਰ ਲੋਜ, ਹਵੇਲੀ, ਕੇ.ਐਫ.ਸੀ. ਬਰਗਰ ਕਿੰਗ ਅਤੇ ਐਸ.ਐਮ. ਰਿਜ਼ਰਟ ਸ਼ਾਮਿਲ ਹਨ। ਜਿਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪੌਸ਼ਟਿਕ ਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਕਰੇਤਾ ਸ਼ੁੱਧ, ਮਿਆਰੀ ਤੇ ਸਾਫ਼-ਸੁਥਰੀਆਂ ਚੀਜ਼ਾਂ ਵੇਚਣ ਅਤੇ ਬੇਕਰੀ ਵਿਚ ਕੇਕ, ਬਿਸਕੁਟ, ਰੱਸ ਆਦਿ ਤੇ ਮਿਠਾਈਆਂ ਸਮੇਤ ਹਰ ਖਾਣ ਵਾਲੇ ਪਦਾਰਥ ਉੱਤੇ ਬੈਸਟ ਬੀਫੋਰ (ਮਿਆਦ) ਲਾਜ਼ਮੀ ਤੌਰ ਉਤੇ ਲਿਖਣ। ਉਨ੍ਹਾਂ ਫੂਡ ਸੇਫਟੀ ਵਿਭਾਗ ਨੂੰ ਕਿਹਾ ਕਿ ਮਿਆਦ ਨਾ ਲਿਖਣ ਵਾਲ਼ੇ ਦੁਕਾਨਦਾਰਾਂ, ਹੋਲ ਸੇਲਰਾਂ ਵਿਰੁੱਧ ਬਣਦੀ ਕਾਰਵਾਈ ਯਕੀਨੀ ਤੌਰ ਉਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੈਜਾ ਵਰਗੀਆਂ ਬਿਮਾਰੀਆਂ ਤੋਂ ਬੱਚਣ ਲਈ ਫਲ਼ ਕੱਟ ਕੇ ਨਾ ਵੇਚੇ ਜਾਣ ਅਤੇ ਫਲ ਦੀਆਂ ਰੇਹੜੀਆਂ ਵਾਲ਼ਿਆਂ ਨੂੰ ਰਸਾਇਣਾਂ ਤੋਂ ਬਿਨਾਂ ਕੁਦਰਤੀ ਪੱਕੇ ਹੋਏ ਫਲ ਵੇਚਣ ਸਬੰਧੀ ਸਿੱਖਿਅਤ ਵੀ ਕੀਤਾ ਜਾਵੇ। ਇਸ ਮੌਕੇ ਅਸਿਸਟੈਂਟ ਫੂਡ ਕਮਿਸ਼ਨਰ ਹਰਪ੍ਰੀਤ ਕੌਰ, ਸਹਾਇਕ ਸਿਵਲ ਸਰਜਨ ਡਾ. ਅੰਡੂ ਭਾਟੀਆ,  ਡੀ.ਐਸ.ਪੀ ਗੁਰਮੀਤ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜਿੰਦਰ ਕੌਰ, ਫੂਡ ਸੇਫਟੀ ਅਫਸਰ ਬਿਕਰਮਜੀਤ ਸਿੰਘ, ਖੇਤੀਬਾੜੀ ਵਿਭਾਗ ਤੋਂ ਪੰਕਜ, ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।