ਹੈਪੇਟਾਇਟਿਸ ਬਿਮਾਰੀ ਦਾ ਸਿਵਲ ਸਰਜਨ ਅਤੇ ਪ੍ਰਾਈਵੇਟ ਡਾਕਟਰਾਂ ਨੇ ਜਾਰੀ ਕੀਤਾ ਜਾਗਰੂਕਤਾ ਪੋਸਟਰ

  • ਜਿਲ੍ਹੇ ਅਤੇ ਬਲਾਕਾਂ ਵਿਚ ਕੀਤੀਆਂ ਜਾਣਗੀਆਂ 28 ਜੁਲਾਈ ਤਕ ਗਤੀਵਿਧੀਆ  : ਡਾ. ਬਬੀਤਾ

ਫਾਜ਼ਿਲਕਾ, 24 ਜੁਲਾਈ : ਕਿਸੇ ਵੀ ਬੀਮਾਰੀ ਦਾ ਜੇ ਸਮੇਂ ਤੇ ਪਤਾ ਲੱਗ ਜਾਵੇ ਤਾਂ ਉਸਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸ ਦਾ ਇਲਾਜ ਸੰਭਵ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਬੀਮਾਰੀਆਂ ਪ੍ਰਤੀ ਸੁਚੇਤ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਸਬੰਧੀ ਪ੍ਰੇਰਿਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ  ਤੋਂ ਪਹਿਲਾ ਸਿਵਲ ਸਰਜਨ ਦਫ਼ਤਰ ਵਿਖੇ ਪੋਸਟਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਕਹੀ । ਡਾ. ਸਤੀਸ਼ ਗੋਇਲ ਨੇ ਪ੍ਰੋਗਰਾਮ ਬਾਰੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਹੈਪੇਟਾਈਟੱਸ ਦੇ ਜ਼ੀਰੋ ਡੋਜ ਵਿਚ ਪ੍ਰਾਈਵੇਟ ਹਸਪਤਾਲ਼ ਵਧੀਆ ਕੰਮ ਅਤੇ ਵਿਭਾਗ ਨੂੰ ਸਹਿਯੋਗ ਕਰ ਰਹੇ ਹਨ ਅਤੇ ਇਸ ਬਿਮਾਰੀ ਬਾਰੇ ਸਾਂਝੇ ਕੋਸ਼ਿਸ਼ਾਂ ਦੀ ਜਰੂਰਤ ਹੈ। ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਸਿਵਿਲ ਸਰਜਨ ਡਾਕਟਰ ਬਬੀਤਾ ਸਿੰਘ ਅਤੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਦੇ ਨਾਲ ਪ੍ਰਾਈਵੇਟ ਹਸਪਤਾਲ਼ ਦੇ ਮਹਿਲਾ ਰੋਗ ਦੇ ਮਾਹਿਰ ਡਾਕਟਰ ਵੀ ਹਾਜਰ ਸੀ। ਇਸ ਮੌਕੇ ਡਾ. ਬਬੀਤਾ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਰਾਹੀਂ ਫੈਲਦੀ ਹੈ। ਇਹ ਪੰਜ ਕਿਸਮਾਂ ਦੇ ਵਿਸ਼ਾਣੂ ਤੋਂ ਲੋਕ ਸੰਕਰਮਿਤ ਹੋ ਜਾਂਦੇ ਹਨ ਜੋ ਕੀ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹਨ ਜਿਨ੍ਹਾਂ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ। ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਗਰਭਵਤੀ ਔਰਤ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮੇਂ ਰਹਿੰਦਿਆਂ ਪਤਾ ਲੱਗ ਸਕੇ। ਡਾ. ਕਵਿਤਾ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਹੈਪੇਟਾਈਟਸ ਦਿਵਸ `ਵਨ ਲਾਈਫ ਵਨ ਲੀਵਰ  ਦੇ ਥੀਮ ਤਹਿਤ ਹਰੇਕ ਸਿਹਤ ਕੇਂਦਰ ਤੇ ਮਨਾਇਆ ਜਾ ਰਿਹਾ ਹੈ। ਜਿਸ ਲਈ ਬਲਾਕ ਦੇ ਬੀਈ ਈ ਅਤੇ ਫੀਲਡ ਸਟਾਫ ਨੂੰ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ । ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਨੇ ਦਸਿਆ ਕਿ ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੇਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ 22 ਜਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲੇਜ, 17 ਏ.ਆਰ.ਟੀ. ਕੇਂਦਰਾਂ ਅਤੇ 11 ਓ.ਐਸ.ਟੀ. ਕੇਂਦਰਾਂ ਅਤੇ 2 ਸਬ ਡਵੀਜਨਲ ਹਸਪਤਾਲਾਂ ਵਿਖੇ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਕਿਸੇ ਵੀ ਵਿਅਕਤੀ ਵਲੋਂ ਮੈਡੀਕਲ ਹੈਲਪਲਾਈਨ ਤੇ ਸੰਪਰਕ ਕਰਕੇ ਕਿਸੇ ਵੀ ਸਮੇਂ ਜਾਣਕਾਰੀ ਲਈ ਜਾ ਸਕਦੀ ਹੈ। ਹੈਪੇਟਾਈਟਸ- ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮੋਜਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ।  ਇਸ ਮੌਕੇ  ਜਿਲਾ ਟੀਕਾਕਰਨ ਅਫ਼ਸਰ ਡਾਕਟਰ ਐਡੀਸਨ ਐਰਿਕ, ਡਾ. ਸ਼ਵਿੰਦਰ ਵਰਮਾ, ਡਾ. ਊਸ਼ਾ ਸਵਾਮੀ, ਡਾ. ਸਿੰਮੀ ਜਸੂਜਾ, ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ, ਦਿਵੇਸ਼ ਕੁਮਾਰ, ਅਤਿੰਦਰ ਪਾਲ ਸਿੰਘ ਆਦਿ ਮੌਜੂਦ ਸੀ।