ਪੰਜਾਬ ਸਟੇਟ ਟੈਲੇਂਟ ਸਰਚ ਪ੍ਰੀਖਿਆ ਵਿੱਚ ਛਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਰਨਾਲਾ ਦੇ ਬੱਚੇ

  • ਗਗਨਦੀਪ ਕੌਰ ਨੇ ਜ਼ਿਲ੍ਹਾ ਬਰਨਾਲਾ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ

ਬਰਨਾਲਾ, 26 ਸਤੰਬਰ : ਐਸ ਸੀ ਈ ਆਰ ਟੀ ਵੱਲੋਂ ਪੰਜਾਬ ਸਟੇਟ ਟੈਲੇਂਟ ਸਰਚ ਐਗਜ਼ਾਮ ( PSTSE ) ਜਮਾਤ 10ਵੀਂ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿਚ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਗਗਨਦੀਪ ਕੌਰ ਪੁੱਤਰੀ ਜਗਦੇਵ ਸਿੰਘ ਨੇ ਜ਼ਿਲ੍ਹਾ ਬਰਨਾਲਾ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੰਨਿਆ ਸਕੂਲ ਦਾ ਨਾਂ ਰੌਸ਼ਨ ਕੀਤਾ। ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ 13 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰ ਪੰਜਾਬ ਦੀ ਮੈਰਿਟ ਸੂਚੀ ਵਿਚ ਆਏ ਹਨ, ਜਿਨ੍ਹਾਂ ਵਿਚੋਂ ਕੰਨਿਆ ਸਕੂਲ ਦੀਆਂ 4 ਵਿਦਿਆਰਥਣਾਂ ਗਗਨਦੀਪ ਕੌਰ, ਮਨਪ੍ਰੀਤ ਕੌਰ, ਸਨੇਹਾ ਕੁਮਾਰੀ ਤੇ ਮਨਜੋਤ ਕੌਰ ਨੇ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਪ੍ਰਿੰਸੀਪਲ ਵਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਅਤੇ ਸਫ਼ਲਤਾ ਦਾ ਸਿਹਰਾ ਵਿਦਿਅਰਥੀਆਂ ਦੀ ਮਿਹਨਤ ਅਤੇ ਇਹਨਾਂ ਬੱਚਿਆਂ ਲਈ ਵਿਸ਼ੇਸ ਕਲਾਸਾਂ ਲਗਾਉਣ ਵਾਲੇ ਅਧਿਆਪਕਾਂ ਨੂੰ ਦਿੱਤਾ। ਨੋਡਲ ਅਫਸਰ ਪੰਕਜ ਗੋਇਲ ਨੇ ਦੱਸਿਆ ਕਿ ਸਕੂਲ ਦੇ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕੋਚਿੰਗ ਦੇਣ ਲਈ ਅਧਿਆਪਕਾਂ ਦੁਆਰਾ ਸਕੂਲ ਸਮੇਂ ਤੋਂ ਇਲਾਵਾ ਸਪੈਸ਼ਲ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਹਨਾਂ ਸਪੈਸ਼ਲ ਕਲਾਸਾਂ ਅਤੇ ਬੱਚਿਆਂ ਦੀ ਮਿਹਨਤ ਦਾ ਹੀ ਫ਼ਲ ਹੈ ਕਿ ਪਹਿਲਾਂ ਇਸੇ ਸਕੂਲ ਦੀ ਜਸਲੀਨ ਕੌਰ NMMS ਪ੍ਰੀਖਿਆ ਵਿੱਚੋਂ ਪੰਜਾਬ ਦੀ ਟੋਪਰ ਬਣੀ ਅਤੇ ਹੁਣ ਗਗਨਦੀਪ ਕੌਰ ਨੇ ਇਹ ਸਥਾਨ ਹਾਸਲ ਕੀਤਾ ਹੈ।  ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਰਾਮ ਤੀਰਥ ਮੰਨਾ ਨੇ ਇਸ ਸਫ਼ਲਤਾ ਲਈ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਦੀ ਯੋਗ ਅਗਵਾਈ , ਅਧਿਆਪਕਾਂ ਤੇ ਬੱਚਿਆਂ ਦੀ ਅਣਥੱਕ ਮਿਹਨਤ ਲਈ ਮੁਬਾਰਕਬਾਦ ਦਿੱਤੀ।  ਇਸ ਮੌਕੇ ਬੱਚਿਆਂ ਦੇ ਮਾਪੇ, ਮੈਡਮ ਨੀਤੂ ,ਪਲਵਿਕਾ, ਇੰਦਰਜੀਤ, ਸ਼ਸ਼ੀ ਗੁਪਤਾ, ਬੌਬੀ ਗੁਪਤਾ, ਪਰਵੀਨ,ਮਾਧਵੀ ਤ੍ਰਿਪਾਠੀ ,ਕਮਲਦੀਪ , ਨੀਰਜ ਰਾਣੀ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।