ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇ 14 ਮਹੀਨਿਆਂ ‘ਚ 31 ਲੱਖ ਰੁਪਏ ਤੋਂ ਵੱਧ ਦਾ ਚਾਹ ਤੇ ਸਨੈਕਸ ਖਾਧਾ, RTI ‘ਚ ਹੋਇਆ ਖੁਲਾਸਾ

ਪਟਿਆਲਾ, 11 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇ 14 ਮਹੀਨਿਆਂ ‘ਚ 31 ਲੱਖ ਰੁਪਏ ਤੋਂ ਵੱਧ ਦਾ ਚਾਹ ਤੇ ਸਨੈਕਸ ਖਾਧਾ। ਇਸ ਗੱਲ ਦਾ ਖੁਲਾਸਾ ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲਪੁਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ‘ਚ ਹੋਇਆ। ਹਾਲਾਂਕਿ ਇਹ ਖਰਚਾ ਪਿਛਲੇ ਮੁੱਖ ਮੰਤਰੀਆਂ ਦੇ ਖਰਚੇ ਨਾਲੋਂ ਬਹੁਤ ਘੱਟ ਹੈ। ਇਸ RTI ਮੁਤਾਬਕ ਮਾਰਚ 2022 ਲਈ ਚਾਹ-ਨਾਸ਼ਤੇ ਦਾ ਬਿੱਲ 3.38 ਲੱਖ ਰੁਪਏ ਸੀ। ਮਾਰਚ ਤੋਂ ਬਾਅਦ ਅਪ੍ਰੈਲ 2022 ‘ਚ 2 ਲੱਖ 73 ਹਜ਼ਾਰ 788, ਮਈ ‘ਚ 3 ਲੱਖ 55 ਹਜ਼ਾਰ 795, ਜੂਨ ‘ਚ 3 ਲੱਖ 25 ਹਜ਼ਾਰ 248, ਜੁਲਾਈ ‘ਚ 2 ਲੱਖ 58 ਹਜ਼ਾਰ 347, ਅਗਸਤ ‘ਚ 2 ਲੱਖ 33 ਹਜ਼ਾਰ 305, ਸਤੰਬਰ, ਅਕਤੂਬਰ ‘ਚ 2 ਲੱਖ 82 ਹਜ਼ਾਰ 347, 1 ਨਵੰਬਰ 1 ਲੱਖ 39 ਹਜ਼ਾਰ 630, ਦਸੰਬਰ 1 ਲੱਖ 54 ਹਜ਼ਾਰ 594 ਰੁਪਏ ਖਰਚ ਕੀਤੇ ਗਏ ਹਨ। ਜਨਵਰੀ 2023 ‘ਚ ਚਾਹ ‘ਤੇ 1 ਲੱਖ 56 ਹਜ਼ਾਰ 720 ਰੁਪਏ, ਫਰਵਰੀ ‘ਚ 1 ਲੱਖ 62 ਹਜ਼ਾਰ 183, ਮਾਰਚ ‘ਚ 1 ਲੱਖ 73 ਹਜ਼ਾਰ 208 ਅਤੇ ਅਪ੍ਰੈਲ ‘ਚ 1 ਲੱਖ 24 ਹਜ਼ਾਰ 451 ਰੁਪਏ ਖਰਚ ਕੀਤੇ ਗਏ। ਉਪਰੋਕਤ ਬਿੱਲ ਮੁੱਖ ਮੰਤਰੀ ਦਫ਼ਤਰ ਦੇ ਹੀ ਸੀ। ਇਸ ਦੇ ਨਾਲ ਹੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਹੋਣ ਵਾਲੀਆਂ ਮੀਟਿੰਗਾਂ ਦੇ ਬਿੱਲ ਵੱਖਰੇ ਤੌਰ ‘ਤੇ ਤਿਆਰ ਕੀਤੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਬਠਿੰਡਾ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਏ ਖਰਚੇ ਦਾ ਵੇਰਵਾ ਮੰਗਿਆ ਸੀ। ਜਿਸ ਵਿੱਚ ਮਾਰਚ 2022 ਤੋਂ ਜਨਵਰੀ 2023 ਤੱਕ ਦੀ ਜਾਣਕਾਰੀ ਸਾਂਝੀ ਕੀਤੀ ਗਈ। ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਰਿਸੈਪਸ਼ਨ ਐਂਡ ਹਾਸਪੀਟੈਲਿਟੀ ਵਿਭਾਗ ਪੰਜਾਬ, ਚੰਡੀਗੜ੍ਹ ਦੇ ਡਾਇਰੈਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਹੋਈਆਂ ਸਰਕਾਰੀ ਮੀਟਿੰਗਾਂ ਵਿੱਚ ਚਾਹ-ਪਾਣੀ ਅਤੇ ਖਾਣੇ ਆਦਿ ’ਤੇ 11 ਮਹੀਨਿਆਂ ਵਿੱਚ 24 ਲੱਖ 96 ਹਜ਼ਾਰ 640 ਰੁਪਏ ਖ਼ਰਚ ਕੀਤੇ ਗਏ।