ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਕੀਤੀ ਗਈ ਜ਼ਿਲ੍ਹਾ ਬਰਨਾਲਾ 'ਚ ਚੈਕਿੰਗ

  • 28 ਚਲਾਨ ਕੱਟੇ ਗਏ, 12 ਵਾਹਨ ਜ਼ਬਤ ਕੀਤੇ ਗਏ

ਬਰਨਾਲਾ, 19 ਅਕਤੂਬਰ : ਖੇਤਰੀ ਟਰਾਂਸਪੋਰਟ ਅਥਾਰਟੀ ਸ੍ਰੀ ਵਿਨੀਤ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ 'ਚ ਵੱਖ ਵੱਖ ਥਾਵਾਂ ਉੱਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ 12 ਵਾਹਨ ਜ਼ਬਤ ਕੀਤੇ ਅਤੇ 28 ਦੇ ਚਲਾਨ ਕੱਟੇ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 5 ਟ੍ਰੈਕਟਰ ਟਰਾਲੀ ਜਬਤ ਕੀਤੇ ਗਏ ਜਿਹੜੇ ਕਿ ਵਪਾਰਿਕ ਕੰਮ ਲਈ ਵਰਤੇ ਜਾ ਰਹੇ ਸਨ। ਇਸ ਤਰ੍ਹਾਂ 3 ਪਿਕ ਅੱਪ ਗੱਡੀਆਂ ਜਬਤ ਕੀਤੀਆਂ ਗਈਆਂ ਜਿਸ ਵਿੱਚੇ ਮਿੱਥੇ ਮਾਪਦੰਡਾਂ ਤੋਂ ਵੱਧ ਸਮਾਨ ਲੱਦਿਆ ਹੋਇਆ ਸੀ। ਇੱਕ ਸਕੂਲ ਬੱਸ ਵੀ ਜਬਤ ਕੀਤੀ ਗਈ ਜਿਸ ਕੋਲ ਵਾਹਨ ਫਿਟਨੈੱਸ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਦੀ ਕਮੀ ਸੀ। 3 ਟਰੱਕ ਟ੍ਰੇਲਰ ਸਮੱਰਥਾ ਨਾਲੋਂ ਵੱਧ ਸਮਾਨ ਢੋਂਦੇ ਹੋਏ ਪਾਏ ਗਏ। ਦੋ ਟੂਰਿਸਟ ਬੱਸਾਂ ਦੇ ਵੀ ਚਲਾਨ ਕੱਟੇ ਗਏ ਜਿਨ੍ਹਾਂ ਕੋਲ ਉਚਿਤ ਯਾਤਰੀਆਂ ਦੀ ਲਿਸਟ ਨਹੀਂ ਸੀ। ਉਨ੍ਹਾਂ ਵਾਹਨਾਂ ਦੇ ਵੀ ਚਲਾਨ ਕੱਟੇ ਗਏ ਜਿਨ੍ਹਾਂ ਦੇ ਚਾਲਕਾਂ ਕੋਲ ਟੈਕਸ ਸਬੰਧੀ ਦਸਤਾਵੇਜ਼, ਬੀਮਾ, ਵਾਹਨ ਫਿਟਨੈੱਸ ਆਦਿ ਸਬੰਧੀ ਦਸਤਾਵੇਜ਼ ਸਹੀ ਨਹੀਂ ਸਨ।