ਏਸ਼ੀਅਨ ਖੇਡਾਂ ’ਚ ਸਿਲਵਰ ਤਗਮਾ ਜੇਤੂ ਖਿਡਾਰੀ ਚਰਨਜੀਤ ਸਿੰਘ ਦਾ ਸ਼ਾਨਦਾਰ ਸਵਾਗਤ

ਬਠਿੰਡਾ,2 ਅਕਤੂਬਰ : ਪਿੰਡ ਨੰਗਲਾ ਦੇ ਜੰਮਪਲ ਰੋਇੰਗ ਗੇਮ ਖਿਡਾਰੀ ਚਰਨਜੀਤ ਸਿੰਘ ਪੁੱਤਰ ਸ਼੍ਰੀ ਅਵਤਾਰ ਸਿੰਘ ਨੇ ਚਾਈਨਾਂ ਵਿਚ ਹੋਈਆਂ ਏਸ਼ੀਅਨ ਰੋਇੰਗ ਗੇਮਜ-2023 ਵਿਚ ਸਿਲਵਰ ਤਗਮਾ ਜਿੱਤ ਕੇ ਜ਼ਿਲ੍ਹਾ ਬਠਿੰਡਾ ਸਮੇਤ, ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਜਿਸਦਾ ਬਠਿੰਡਾ ਪੁੱਜਣ ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਵਿਸ਼ੇਸ਼ ਸਹਿਯੋਗ ਦੁਆਰਾ ਖੇਡ ਵਿਭਾਗ ਦੁਆਰਾ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਫੁੱਲਾਂ ਦੀ ਵਰਖਾ, ਢੋਲ ਵਜਾ ਕੇ ਅਤੇ ਫੁੱਲਾਂ ਦੇ ਗੁਲਦਸ਼ਤਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਹਨੂਮਾਨ ਚੌਂਕ ਬਠਿੰਡਾ ਤੋਂ ਜਸ਼ਨ ਮਨਾਉਂਦੇ ਹੋਏ ਇੰਟਰਨੈਸ਼ਨਲ ਰੋਇੰਗ ਖਿਡਾਰੀ ਚਰਨਜੀਤ ਸਿੰਘ ਤੇ ਫੁੱਲਾਂ ਦੀ ਵਰਖਾ ਕਰਦਿਆਂ ਸਥਾਨਕ ਖੇਡ ਵਿਭਾਗ ਦੁਆਰਾ ਸਟੇਡੀਅਮ ਪੁੱਜ ਕੇ ਖਿਡਾਰੀ ਚਰਨਜੀਤ ਸਿੰਘ ਨੂੰ ਵਿਸ਼ੇਸ਼ ਯਾਦਗਾਰੀ ਚਿੰਨ ਭੇਂਟ ਕਰਦਿਆਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਰੋਇੰਗ ਖਿਡਾਰੀ ਚਰਨਜੀਤ ਸਿੰਘ ਨੂੰ ਏਸ਼ੀਅਨ ਗੇਮਜ-2023 ਵਿਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਅਤੇ ਜ਼ਿਲ੍ਹਾ ਬਠਿੰਡਾ ਦਾ ਨਾਮ ਰੋਸ਼ਨ ਕਰਨ ਤੇ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਰੋਇੰਗ ਖਿਡਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦਾ ਵਸਨੀਕ ਹੈ ਅਤੇ ਫੌਜ ਵਿਚ ਨੌਕਰੀ ਕਰਦਿਆਂ ਰੋਇੰਗ ਗੇਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਦੁਆਰਾ ਆਪਣੀ ਮੁੱਢਲੀ ਵਿੱਦਿਆ ਮਾਲਵਾ ਸਕੂਲ ਨੰਗਲਾ ਅਤੇ ਸਰਕਾਰੀ ਹਾਈ ਸਕੂਲ ਜੌੜਕੀਆਂ ਤੋਂ ਪ੍ਰਾਪਤ ਕੀਤੀ ਅਤੇ ਸੈਕੰਡਰੀ ਸਕੂਲ ਦੀ ਪੜ੍ਹਾਈ ਸਰਕਾਰੀ ਸਕੂਲ ਤਲਵੰਡੀ ਸਾਬੋ ਤੋਂ ਪ੍ਰਾਪਤ ਕੀਤੀ। ਉਸਨੇ ਅੱਗੇ ਦੱਸਿਆ ਕਿ ਆਰਮੀ ਵਿਚ ਭਰਤੀ ਹੋਣ ਉਪਰੰਤ ਇਸ ਰੋਇੰਗ ਗੇਮ ਵਿਚ ਨੈਸ਼ਨਲ ਗੇਮਜ ਵਿਚ 3 ਗੋਲਡ ਸਿਲਵਰ ਮੈਡਲ ਪ੍ਰਾਪਤ ਕਰ ਚੁੱਕਿਆ ਹੈ। 2016 ਵਿਚ ਆਰਮੀ ਜੁਆਇਨ ਕਰਨ ਉਪਰੰਤ ਉਸਨੇ ਰੋਇੰਗ ਗੇਮ ਦੀ ਸ਼ੁਰੂਆਤ ਕੀਤੀ ਅਤੇ  2017 ਵਿਚ ਨੈਸ਼ਨਲ ਵਿਚ ਇਕ ਗੋਲਡ ਅਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ। ਲਗਾਤਾਰ 2022 ਤੱਕ 5 ਗੋਲਡ, 4 ਸਿਲਵਰ ਨੈਸ਼ਨਲ ਵਿਚ ਪ੍ਰਾਪਤ ਕੀਤਾ। ਇਸੇ ਤਰ੍ਹਾਂ ਏਸ਼ੀਅਨ ਚੈਂਪੀਅਨ ਵਿਚ 1 ਗੋਲਡ, 2 ਸਿਲਵਰ ਮੈਡਲ ਪ੍ਰਾਪਤ ਕੀਤੇ। ਇਸ ਉਪਰੰਤ ਗੁਜਰਾਤ ਵਿਚ  ਨੈਸ਼ਨਲ ਗੇਮਜ ਵਿਚ ਇਕ ਸਿਲਵਰ ਮੈਡਲ ਜਿੱਤਿਆ ਅਤੇ ਹੁਣ ਏਸ਼ੀਅਨ ਗੇਮਜ਼-2023 ਵਿਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦੀ ਝੋਲੀ ਪਾਇਆ ਹੈ। ਇਸ ਮੌਕੇ ਖਿਡਾਰੀ ਚਰਨਜੀਤ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਕਿ ਮੌਜੂਦੇ ਸਮੇਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ-2023" ਬਹੁਤ ਹੀ ਸ਼ਲਾਘਾਂਯੋਗ ਕੰਮ ਹੈ ਅਤੇ ਇਨ੍ਹਾਂ ਖੇਡਾਂ ਦੁਆਰਾ ਪੰਜਾਬ ਦੀ ਨੌਜਵਾਨਾਂ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ।  ਇਸ ਮੌਕੇ ਸੁਖਪਾਲ ਕੌਰ ਸਾਈਕਲਿੰਗ ਕੋਚ, ਜਸਪ੍ਰੀਤ ਸਿੰਘ ਬਾਸਕਟਬਾਲ ਕੋਚ, ਜਗਮੀਤ ਸਿੰਘ, ਪਰਮਜੀਤ ਸਿੰਘ, ਅਰੁਨਦੀਪ ਸਿੰਘ ਜੂਡੋ ਕੋਚ, ਗੁਰਨੀਤ ਸਿੰਘ ਹਾਕੀ ਕੋਚ, ਜਗਜੀਤ ਸਿੰਘ ਵਾਲੀਬਾਲ ਕੋਚ, ਗੁਰਿੰਦਰ ਸਿੰਘ ਬਰਾੜ, ਡੀ.ਐਸ.ਪੀ ਕਰਮਜੀਤ ਸਿੰਘ ਸੈਂਟਰ ਜੇਲ੍ਹ ਬਠਿੰਡਾ, ਮਨਜੀਤ ਸਿੰਘ ਸਾਬਕਾ ਸਰਪੰਚ ਪਿੰਡ ਨੰਗਲਾ, ਸੰਤ ਸਿੰਘ ਪ੍ਰਿੰਸੀਪਲ ਮਾਲਵਾ ਸਕੂਲ ਨੰਗਲਾ, ਗੁਰਦੀਪ ਸਿੰਘ ਖਜ਼ਾਨਾ ਦਫਤਰ, ਬਲਵੀਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।