ਪਰਾਲੀ ਨੂੰ ਅੱਗ ਲਾਉਣ ਵਾਲੇ ਚਕੌਤੇਦਾਰਾਂ ਦਾ ਹੋਵੇਗਾ ਚਕੌਤਾ ਰੱਦ : ਡਿਪਟੀ ਕਮਿਸ਼ਨਰ

ਫਰੀਦਕੋਟ 27 ਅਕਤੂਬਰ : ਝੋਨੇ/ਬਾਸਮਤੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਫਰੀਦਕੋਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਅੱਜ ਗੈਰ-ਸਰਕਾਰੀ/ਸਮਾਜ ਸੇਵੀ ਸੰਸਥਾਵਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਾਜ਼ਰ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਲਿੰਕ ਵਾਲੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਬੇਨਤੀ ਕਰਦੇ ਰਹਿਣ ਤਾਂ ਜੋ ਜਮੀਨ ਅਤੇ ਵਾਤਾਵਰਣ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕੇ, ਕਿਉਂਕਿ ਅੱਗ ਲਾਉਣ ਨਾਲ ਕਿਸਾਨਾਂ ਦਾ ਪ੍ਰਤੀ ਏਕੜ 2 ਹਜ਼ਾਰ ਰੁਪਏ ਦੇ ਜਰੂਰੀ ਤੱਤਾਂ ਦਾ ਨੁਕਸਾਨ ਹੁੰਦਾ ਹੈ, ਜਦੋਂ ਕਿ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਜੈਵਿਕ ਮਾਦਾ, ਜਰੂਰੀ ਤੱਤ ਅਤੇ ਪਾਣੀ ਸੁਰੱਖਿਅਤ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਘੱਟ ਰੇਟਾਂ ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਜੇਕਰ ਕੋਈ ਕਿਸਾਨ ਸਬਸਿਡੀ ਵਾਲੀ ਮਸ਼ੀਨ ਕਿਰਾਏ ਤੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਕੇ ਪੰਚਾਇਤੀ ਜ਼ਮੀਨਾਂ ਨੂੰ ਠੇਕੇ ਤੇ ਲੈਣ ਵਾਲੇ ਚਕੋਤੇਦਾਰ ਜੇਕਰ ਆਪਣੇ ਖੇਤ ਵਿੱਚ ਅੱਗ ਲਗਾਉਂਦੇ ਹਨ ਤਾਂ ਉਹਨਾਂ ਦਾ ਇੱਕ ਸਾਲ ਦਾ ਚਕੌਤਾ ਰੱਦ ਕਰ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ ਉਸ ਚਕੌਤੇਦਾਰ ਜਾਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।