ਖੇਤਾਂ ਨੂੰ ਮਿਲੇ ਨਹਿਰੀ ਪਾਣੀ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਂਦੀ ਰੌਣਕ

ਪਟਿਆਲਾ, 24 ਜੂਨ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਕੀਤੇ ਵਾਅਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਣ 'ਤੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਹੈ। ਪਟਿਆਲਾ ਦੇ ਪਿੰਡ ਡਕਾਲਾ ਦੇ ਕਿਸਾਨ ਸਰਬਜੀਤ ਸਿੰਘ ਨੇ ਕਿਹਾ ਕਿ ਜੋ ਭਗਵੰਤ ਮਾਨ ਸਰਕਾਰ ਨੇ ਕਿਹਾ ਉਹ ਉਨ੍ਹਾਂ ਵੱਲੋਂ ਪੂਰਾ ਕੀਤਾ ਗਿਆ ਹੈ ਸਾਡੇ ਖੇਤਾਂ ਨੂੰ ਕਈ ਸਾਲ ਬਾਅਦ ਨਹਿਰੀ ਪਾਣੀ ਲੱਗਿਆ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਖੇਤਾਂ 'ਚ ਲਾਈਟ ਦੀ ਕਮੀ ਹੈ ਤੇ ਨਾ ਹੀ ਖੇਤਾਂ ਨੂੰ ਨਹਿਰੀ ਪਾਣੀ ਦੀ ਕੋਈ ਕਮੀ ਆ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਨਾਲਿਆਂ ਵਿੱਚ ਪਹਿਲੀ ਵਾਰ ਪੂਰਾ ਪਾਣੀ ਚੜ੍ਹਿਆ ਹੈ, ਜਿਸ ਨਾਲ ਝੋਨਾ ਲਗਾਉਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਤਰੈ ਪਿੰਡ ਦੇ ਕਿਸਾਨ ਮੋਹਨ ਸਿੰਘ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਹਿਰ 'ਚ ਪੂਰਾ ਪਾਣੀ ਆਉਣ ਨਾਲ ਜ਼ਿਮੀਦਾਰ ਪੂਰੇ ਖੁਸ਼ ਹਨ ਤੇ ਆਸ ਕਰਦੇ ਹਨ ਕਿ ਇਸੇ ਤਰ੍ਹਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਰਹੇਗੀ। ਪਿੰਡ ਬਠੋਈ ਕਲਾਂ ਦੇ ਰਾਮ ਰਤਨ ਸਿੰਘ ਨੇ ਕਿਹਾ ਕਿ ਬਲਬੇੜਾ ਸੂਏ 'ਚ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਪਾਣੀ ਦੇਖਿਆ ਹੈ, ਜਿਸ ਤੋਂ ਆਲੇ ਦੁਆਲੇ ਦੇ ਸਾਰੇ ਕਿਸਾਨ ਖੁਸ਼ ਹਨ। ਉਨ੍ਹਾਂ ਕਿਹਾ ਕਿ ਨੇਕ ਨੀਅਤ ਨਾਲ ਕੀਤੇ ਕੰਮ ਸਹਿਜੇ ਹੀ ਦਿੱਖਣ ਲੱਗ ਜਾਂਦੇ ਹਨ।