ਬੀਐਸਐਫ ਦੇ ਜਵਾਨਾਂ ਨੇ ਤਿੰਨ ਕਿਲੋ ਹੈਰੋਇਨ ਕੀਤੀ ਬਰਾਮਦ

ਫ਼ਿਰੋਜ਼ਪੁਰ, 20 ਜਨਵਰੀ : ਫ਼ਿਰੋਜ਼ਪੁਰ ਦੇ ਇੱਕ ਸਰਹੱਦੀ ਪਿੰਡ ਵਿੱਚ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਦੇਖੇ ਜਾਣ ਤੋਂ ਬਾਅਦ ਸਰਚ ਅਭਿਆਨ ਚਲਾਇਆ ਸੀ। ਇਸ ਦੌਰਾਨ ਜਵਾਨਾਂ ਨੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਖੇਪ ਨੂੰ ਪੀਲੇ ਰੰਗ ਦੇ ਪੈਕਟ ਵਿਚ ਫਸਾ ਕੇ, ਜੁਰਾਬ ਵਿਚ ਬੰਨ੍ਹ ਕੇ ਭਾਰਤੀ ਸਰਹੱਦ ‘ਤੇ ਸੁੱਟ ਦਿੱਤਾ ਗਿਆ ਸੀ। ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਜਵਾਨਾਂ ਨੇ ਦੋ ਥਾਵਾਂ ਤੋਂ ਇਹ ਖੇਪ ਬਰਾਮਦ ਕੀਤੀ ਹੈ। ਬੀਐਸਐਫ ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਤਸਕਰਾਂ ਨੇ ਸ਼ੁੱਕਰਵਾਰ ਤੜਕੇ ਭਾਰਤੀ ਸਰਹੱਦ ਵਿੱਚ ਇੱਕ ਡਰੋਨ ਭੇਜਿਆ ਸੀ। ਇਸ ਗਤੀਵਿਧੀ ਨੂੰ ਸੁਰੱਖਿਆ ਬਲਾਂ ਨੇ ਦੇਖਿਆ ਅਤੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਲਾਲ ਸਿੰਘ ਦੀਆਂ ਝੁੱਗੀਆਂ ਵਿੱਚ ਅਤੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇੱਕ ਕਣਕ ਦੇ ਖੇਤ ਵਿੱਚੋਂ ਇੱਕ ਜੁਰਾਬ ਬਰਾਮਦ ਹੋਇਆ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਦੋ ਪੈਕਟ ਬਰਾਮਦ ਹੋਏ। ਉਨ੍ਹਾਂ ਪੈਕਟਾਂ ਨੂੰ ਪੀਲੀ ਟੇਪ ਨਾਲ ਚਿਪਕਾਇਆ ਗਿਆ ਸੀ। ਉਨ੍ਹਾਂ ਕੋਲੋਂ ਦੋ ਕਿੱਲੋ ਹੈਰੋਇਨ ਬਰਾਮਦ ਹੋਈ। ਕੁਝ ਸਮੇਂ ਬਾਅਦ ਇਸੇ ਇਲਾਕੇ ਵਿੱਚੋਂ ਇੱਕ ਹੋਰ ਜੁਰਾਬ ਬਰਾਮਦ ਹੋਇਆ, ਜਿਸ ਵਿੱਚ ਹੈਰੋਇਨ ਦਾ ਇੱਕ ਪੈਕਟ ਮਿਲਿਆ। ਇਸ ਤਰ੍ਹਾਂ ਕੁੱਲ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ। ਇਹ ਭਾਰਤੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦੀ ਪਾਕਿਸਤਾਨ ਦੀ ਸਾਜ਼ਿਸ਼ ਸੀ, ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।