ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 21 ਜੁਲਾਈ ਤੋਂ ਹੋਵੇਗਾ ਸ਼ੁਰੂ: ਜ਼ਿਲ੍ਹਾ ਚੋਣ ਅਫ਼ਸਰ

  • ਹਾਊਸ ਟੂ ਹਾਊਸ’ ਸਰਵੇ ਲਈ ਬੀਐਲਓਜ਼ ਨੂੰ ਸਹਿਯੋਗ ਦਿੱਤੇ ਜਾਣ ਦੀ ਲੋਕਾਂ ਨੂੰ ਅਪੀਲ

ਬਰਨਾਲਾ, 21 ਜੁਲਾਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਆਈਏਐੱਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।  ਇਸ ਅਨੁਸਾਰ ਪ੍ਰੀ-ਰਿਵੀਜ਼ਨ ਗਤੀਵਿਧੀਆਂ ਤਹਿਤ 21 ਜੁਲਾਈ ਤੋਂ 21 ਅਗਸਤ ਤੱਕ ਬੂਥ ਲੈਵਲ ਅਫ਼ਸਰ ਵਲੋਂ ਮੌਜੂਦਾ ਵੋਟਰ ਸੂਚੀਆਂ ਵਿਚ ਦਰਜ ਵੋਟਰਾਂ ਦੇ ਵੇਰਵੇ ਦੀ ਵੈਰੀਫਿਕੇਸ਼ਨ ਕਰਨ ਦੇ ਉਦੇਸ਼ ਨਾਲ ਸਰਵੇ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼ ਨੂੰ ਇਸ ਮੁਹਿੰਮ ਵਿਚ ਆਪਣਾ ਪੂਰਾ ਸਹਿਯੋਗ ਦੇਣ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਦੀ ਉਮਰ 1 ਅਕਤੂਬਰ 2023 ਅਤੇ 1 ਜਨਵਰੀ 2024 ਨੂੰ 19 ਸਾਲ ਜਾਂ ਇਸ ਤੋਂ ਵੱਧ ਹੋਵੇ, ਇਸ ਮੁਹਿੰਮ ਦੌਰਾਨ ਨਵੀਂ ਵੋਟ ਬਣਵਾਉਣ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿਚ ਪਹਿਲਾਂ ਤੋਂ ਦਰਜ ਵੋਟ ਕਟਵਾਉਣ, ਵੋਟ ਵਿਚ ਸੁਧਾਈ ਕਰਵਾਉਣ ਲਈ ਜਾਂ ਰਿਹਾਇਸ਼ ਬਦਲਣ ਲਈ ਬਿਨੈਕਾਰ ਫਾਰਮ ਭਰ ਸਕਦੇ ਹਨ।  ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਐਨ.ਜੀ.ਓਜ਼, ਸਮਾਜ ਸੇਵੀ ਸੰਸਥਾਵਾਂ, ਸਰਪੰਚਾਂ, ਪੰਚਾਇਤ ਸਕੱਤਰਾਂ, ਪਟਵਾਰੀਆਂ ਆਦਿ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ’ਤੇ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੇ ਸਬੰਧ ਵਿਚ ਕਰਵਾਈਆਂ ਜਾ ਰਹੀਆਂ ਪ੍ਰੀ-ਰਿਵੀਜ਼ਨ ਗਤੀਵਿਧੀਆਂ ਜਿਵੇਂ ਹਾਊਸ ਟੂ ਹਾਊਸ ਸਰਵੇ ਆਦਿ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਬੀ.ਐਲ.ਓਜ਼, ਸੁਪਰਵਾਈਜ਼ਰ, ਸਵੀਪ ਨੋਡਲ ਅਫ਼ਸਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰਡ ਕੀਤਾ ਜਾ ਸਕੇੇ।