2024 ਦੀਆਂ ਲੋਕ ਸਭਾ ਚੋਣਾਂ ਮੌਕੇ ਸੱਤਾ ਦੀਆਂ ਰਿਉੜੀਆਂ ਚੱਬਣ ਲਈ ਕੁੰਢੀਆਂ ਫਸਾਉਣ ਦੇ ਰੌਂਅ ‘ਚ ਭਾਜਪਾ 

ਬਠਿੰਡਾ, 24 ਜੂਨ : ਅਕਾਲੀ ਭਾਜਪਾ ਗਠਜੋੜ ਵੇਲੇ ਪੰਜਾਬ ਦੀ ਰਾਜਨੀਤੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਵਜੋਂ ਦਬਾਅ ਹੇਠ ਰਹੀ ਭਾਰਤੀ ਜਨਤਾ ਪਾਰਟੀ ਸਾਲ 2024 ਦੀਆਂ ਲੋਕ ਸਭਾ ਚੋਣਾਂ ਮੌਕੇ ਸੱਤਾ ਦੀਆਂ ਰਿਉੜੀਆਂ ਚੱਬਣ ਲਈ ਕੁੰਢੀਆਂ ਫਸਾਉਣ ਦੇ ਰੌਂਅ ‘ਚ ਦਿਖਾਈ ਦੇਣ ਲੱਗੀ ਹੈ । ਹਾਲਾਂਕਿ ਇਸ ਤੋਂ ਪਹਿਲਾਂ  ਸਿਰਫ 13 ਸੀਟਾਂ ਹੋਣ ਕਰਕੇ ਸਮੂਹ ਸਿਆਸੀ ਧਿਰਾਂ ਪੰਜਾਬ ਨੂੰ ਬਹੁਤੀ ਤਵੱਜੋ ਨਹੀਂ ਦਿੰਦੀਆਂ ਸਨ ਪਰ ਐਤਕੀਂ ਭਾਜਪਾ ਵੱਲੋਂ ਹੈਟ੍ਰਿਕ ਬਨਾਉਣ  ਦੀ ਬੜ੍ਹਕ ਮਾਰਨ ਕਰਕੇ ਹਰ ਪਾਰਟੀ ਇਕੱਲੇ ਇਕੱਲੇ ਹਲਕੇ ਤੇ ਆਪਣਾ ਧਿਆਨ ਕੇਂਦਰਿਤ ਕਰਨ 'ਚ ਜੁਟੀ ਹੋਈ ਹੈ। ਆਪਣੀ ਇਸ ਨੀਤੀ ਤਹਿਤ ਭਾਜਪਾ ਨੇ ਬਠਿੰਡਾ ਸੰਸਦੀ ਹਲਕੇ 'ਚ ‘ਮਿਸ਼ਨ ਪੰਜਾਬ’ ਦਾ ਆਗਾਜ਼ ਕੀਤਾ ਹੈ ।ਇਸ ਪ੍ਰੋਗਰਾਮ ਤਹਿਤ ਪਿਛਲੇ ਦਿਨੀਂ ਰੈਲੀਆਂ ਅਤੇ ਮੀਟਿੰਗਾਂ ਕਰਕੇ ਆਗਾਮੀ  ਲੋਕ ਸਭਾ ਚੋਣਾਂ ਸਬੰਧੀ ਯੋਜਨਾਬੰਦੀ ਕੀਤੀ ਗਈ ਹੈ । ਖਾਸ ਤੌਰ ਤੇ ਬਾਦਲਾਂ ਦੇ ਹਲਕੇ ਬਠਿੰਡਾ ਦੇ ਪੇਂਡੂ ਵਿਧਾਨ ਸਭਾ ਹਲਕੇ ਤਲਵੰਡੀ ਸਾਬੋ 'ਚ ਰੈਲੀ ਕਰਕੇ ਭਾਜਪਾ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਉਹ ਕਿਸੇ ਨਾਲੋਂ ਘੱਟ ਨਹੀਂ ਰਹਿ ‌ਹੈl ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ , ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ,ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੂਬਾ ਜਰਨਲ ਸਕੱਤਰ ਮੋਨਾ ਜਾਇਸਵਾਲ ਦੀ ਮੌਜੂਦਗੀ ਵਿੱਚ  ਲੋਹੜੇ ਦੀ ਗਰਮੀ ਦੌਰਾਨ ਕਰੀਬ 8-9 ਹਜ਼ਾਰ ਦੇ ਪੇਂਡੂ ਇਕੱਠ ਨੇ ਭਾਜਪਾ ਨੂੰ ਧਰਵਾਸ ਦਿੱਤਾ ਹੈ। ਇੱਕ ਆਗੂ ਨੇ ਕਿਹਾ ਕਿ ਜੋ ਲੋਕ ਆਖਦੇ ਸਨ ਕਿ ਭਾਜਪਾ ਦੀ ਝੋਲ਼ੀ ਦਾਣੇ ਨਹੀਂ ਉਹ  ਤਲਵੰਡੀ ਇਕੱਠ ਦੇਖਣ ।ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਦੀ ਸ਼ਮੂਲੀਅਤ ਪਿੱਛੋਂ ਭਾਜਪਾ  ਪੰਜਾਬ ਵਿੱਚ ਖੁਦ ਨੂੰ ਕਾਫ਼ੀ ਹੱਦ ਤੱਕ ਮਜ਼ਬੂਤ ਮਹਿਸੂਸ ਕਰਨ ਲੱਗੀ ਹੈ।  ਇਸ ਪ੍ਰੋਗਰਾਮ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ  ਕਾਂਗੜ ਤੇ ਮਨਪ੍ਰੀਤ  ਬਾਦਲ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਹਾਜ਼ਰ ਸਨ। ਇਸ ਮੌਕੇ  ਬਾਦਲ ਪਰਿਵਾਰ  ਜਾਂ ਅਕਾਲੀ ਦਲ ਬਾਰੇ ਸਿੱਧੇ ਤੌਰ ਤੇ ਤਾਂ ਕੋਈ  ਕੁੱਝ ਨਹੀਂ ਬੋਲਿਆ ਪਰ  ਇਹ ਟਿੱਪਣੀ ਕਿ ਬੀਜੇਪੀ ਨੂੰ ਹੁਣ ਅਛੂਤ ਨਹੀਂ ਸਮਝਿਆ ਜਾਣਾ ਚਾਹੀਦਾ, ਆਉਂਦੇ ਦਿਨਾਂ ਦੌਰਾਨ ਸਿਆਸੀ ਸਥਿਤੀ ਕਿਹੋ ਜਿਹੀ ਹੋਵੇਗੀ, ਸਪਸ਼ਟ ਕਰਨ ਲਈ ਕਾਫੀ ਹੈ। ਬਠਿੰਡਾ ਜ਼ਿਲ੍ਹੇ ਦੀ ਮੀਟਿੰਗ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਨੇ  ਸਮੂਹ ਵਰਕਰਾਂ ਤੇ ਆਗੂਆਂ ਨੂੰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਮਿਸ਼ਨ ਪੰਜਾਬ ਲਈ ਜੰਗੀ ਪੱਧਰ ਤੇ ਤਿਆਰੀਆਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਸ਼ੇਖਾਵਤ  ਨੂੰ ਕੁੱਝ ਸੁਝਾਅ ਵੀ ਦਿੱਤੇ ਜੋ ਉਨ੍ਹਾਂ ਨੇ ਕਾਫੀ ਗੌਰ ਨਾਲ ਸੁਣੇ। ਇਸ ਤੋਂ ਜਾਹਰ ਹੈ ਕਿ ਭਾਜਪਾ ਵੱਲੋਂ ਹੁਣ ਪੇਂਡੂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣ ਲੱਗਿਆ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ  ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਵੀ ਕਿਸਾਨ ਭਾਈਚਾਰੇ ਵਿੱਚੋਂ ਕੇਂਦਰ ਪ੍ਰਤੀ ਰੋਸ ਹਾਲੇ ਘਟਿਆ ਨਹੀਂ ਹੈ। ਰਣਨੀਤੀ ਹੈ ਕਿ ਕਿਸਾਨਾਂ ਦੇ ਮਨਾਂ ਵਿੱਚੋਂ ਭਾਜਪਾ ਪ੍ਰਤੀ ਬਣਿਆ ਰੋਸਾ ਕੱਢਿਆ ਜਾਵੇ। ਕਾਂਗਰਸ ਵਿੱਚੋਂ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਮੰਤਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨ ਆਗੂਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਭਾਜਪਾ ਨਾਲ ਸਬੰਧ ਸੁਖਾਵੇਂ ਬਨਾਉਣ। ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਜੋ ਲੋਕ ਆਖਦੇ ਸਨ ਕਿ ਭਾਜਪਾ ਦੀ ਝੋਲੀ ਵਿੱਚ ਦਾਣੇ ਨਹੀਂ ਉਨ੍ਹਾਂ  ਨੂੰ ਰੈਲੀ ਵਿਚ ਹੋਏ ਇਕੱਠ ਨੇ ਸ਼ੀਸ਼ਾ ਦਿਖਾ ਦਿੱਤਾ ਹੈ। ਦੱਸਣਯੋਗ ਹੈ ਕਿ ਕਰੀਬ 25 ਸਾਲ ਪਹਿਲਾਂ ਅਕਾਲੀ ਦਲ ਅਤੇ ਭਾਜਪਾ 'ਚ ਗਠਜੋੜ ਹੋਇਆ ਅਤੇ ਹਰ ਚੋਣ ਭਾਈਵਾਲੀ ਤਹਿਤ ਲੜੀ ਸੀ ।ਬਠਿੰਡਾ  ਹਲਕੇ ਤੋਂ ਐਮ ਪੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਹੈ ਜੋ ਤਿੰਨ ਵਾਰ ਚੋਣ ਜਿੱਤੀ ਹੈ। ਉਹ ਦੋ ਵਾਰ ਕੇਂਦਰ 'ਚ ਮੰਤਰੀ ਬਣੇ ਅਤੇ ਦੂਸਰੀ ਵਾਰ ਕਿਸਾਨ ਸੰਘਰਸ਼ ਦੇ ਦਬਾਅ ਹੇਠ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਅਤੇ ਗਠਜੋੜ ਟੁੱਟ ਗਿਆ ਸੀ। ਭਾਜਪਾ ਦੇ ਵਿਰੋਧ ਵਿੱਚ ਇਸ ਵੇਲੇ ਸਿਰਫ ਸੱਤਾਧਾਰੀ ਆਮ ਆਦਮੀ ਪਾਰਟੀ ਹੀ ਖੜ੍ਹੀ ਦਿਖਾਈ ਦੇ ਰਹੀ ਹੈ। ਮਾਲਵਾ ਖ਼ਿੱਤੇ ਵਿਚ ਸਿਵਾਏ ਰਾਜਾ ਵੜਿੰਗ ਤੋਂ ਕੋਈ ਵੱਡਾ ਚਿਹਰਾ ਕਾਂਗਰਸ ਕੋਲ ਨਹੀਂ ਰਿਹਾ ਹੈ, ਜਦੋਂ ਕਿ ਮਾਝੇ ਵਿੱਚ ਕੁਝ ਮਜ਼ਬੂਤ ਆਗੂ ਮੌਜੂਦ ਹਨ। ਸਾਬਕਾ ਪ੍ਰਧਾਨ ਸੁਨੀਲ ਜਾਖੜ ,ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਸਾਬਕਾ ਮੰਤਰੀ  ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਚਲੇ ਗਏ ਹਨ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਏਡ ਜੇਲ੍ਹ ਵਿੱਚ ਸਜ਼ਾ ਕੱਟ ਕੇ ਆਉਣ ਤੋਂ ਬਾਅਦ ਕੋਈ ਵੱਡੀ ਸਰਗਰਮੀ ਨਹੀਂ ਕੀਤੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੱਜ-ਕੱਲ੍ਹ ਚੁੱਪ ਵਾਂਗ ਹਨ।  ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਦਿਆਲ ਸਿੰਘ ਸੋਢੀ ਦਾ ਕਹਿਣਾ ਸੀ ਕਿ ਪਾਰਟੀ ਨੇ ਮਿਸ਼ਨ 2024 ਤਿਆਰੀਆਂ ਵਿੱਢ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲੇ ਗੇੜ 'ਚ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਲਿਜਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਵਰਕਰਾਂ ਵੱਲੋਂ ਆਮ ਲੋਕਾਂ ਨੂੰ  ਭਾਜਪਾ ਦੇ ਪੰਜਾਬ ਲਈ  ਪ੍ਰੋਗਰਾਮਾਂ ਤੋਂ  ਵੀ ਜਾਣੂ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਸ਼ਹਿਰਾਂ ਵਿੱਚ ਭਰਪੂਰ ਹੁੰਗਾਰਾ ਮਿਲਣ ਦਾ ਦਾਅਵਾ ਵੀ ਕੀਤਾ ਹੈ।