ਪੀਐਮ ਸਵਨਿਧੀ ਸਕੀਮ ਦਾ ਲਾਭ ਸਾਰੇ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਵੇ : ਡਿਪਟੀ ਕਮਿਸ਼ਨਰ

ਫਾਜਿ਼ਲਕਾ 1 ਸਤੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਪੀ ਐਮ ਸਵਨਿਧੀ ਸਕੀਮ ਦੀ ਸਮੀਖਿਆ ਲਈ ਬੈਂਕਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਕੀਮ ਤਹਿਤ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸਰਕਾਰ ਦੀ ਸਕੀਮ ਦਾ ਲਾਭ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਰੇਹੜੀ ਫੜੀ ਵਾਲਿਆਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ 10 ਹਜਾਰ ਰੁਪਏ ਤੱਕ ਦਾ ਕਰਜ ਮਿਲਦਾ ਹੈ। ਇਸ ਲਈ ਪ੍ਰਾਰਥੀ ਨੇ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਦਫ਼ਤਰ ਵਿਚ ਅਰਜੀ ਦੇਣੀ ਹੁੰਦੀ ਹੈ ਜਿੰਨ੍ਹਾਂ ਵੱਲੋਂ ਮੁਕੰਮਲ ਕੇਸ ਬੈਂਕ ਨੂੰ ਲੋਨ ਦੇਣ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਪ੍ਰਾਰਥੀ ਨੂੰ 10 ਹਜਾਰ ਦਾ ਲੋਨ ਮਿਲਦਾ ਹੈ। ਜਦ ਉਹ ਇਹ ਲੋਨ ਕਿਸਤਾਂ ਵਿਚ ਭਰ ਦਿੰਦਾ ਹੈ ਤਾਂ ਉਸਨੂੰ ਮੁੜ 20 ਹਜਾਰ ਤੱਕ ਦਾ ਲੋਨ ਮਿਲ ਸਕਦਾ ਹੈ। ਜਦ ਉਹ ਇਹ ਲੋਨ ਭਰ ਦਿੰਦਾ ਹੈ ਤਾਂ ਉਸਨੂੰ 50 ਹਜਾਰ ਤੱਕ ਦਾ ਲੋਨ ਮਿਲ ਸਕਦਾ ਹੈ। ਇਸ ਦਾ ਉਦੇਸ਼ ਹੈ ਕਿ ਰੇਹੜੀ ਫੜੀ ਵਾਲੇ ਆਪਣਾ ਕੰਮ ਵਧਾ ਸਕਨ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਬੈਂਕ ਅਜਿਹੇ ਲੋਕਾਂ ਦੇ ਬਿਨ੍ਹਾਂ ਦੇਰੀ ਖਾਤੇ ਖੋਲਣ ਅਤੇ ਅਰਜੀ ਫਾਰਮ ਆਦਿ ਭਰਨ ਵਿਚ ਵੀ ਪ੍ਰਾਰਥੀ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਜਿ਼ਲ੍ਹੇ ਵਿਚ 2596 ਲੋਕਾਂ ਨੂੰ ਇਸ ਸਾਲ ਲਾਭ ਦੇਣ ਦਾ ਟੀਚਾ ਹੈ ਅਤੇ ਹੁਣ ਤੱਕ 2000 ਤੋਂ ਵੱਧ ਲੋਕਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੇ ਬੈਂਕਾਂ ਨੂੰ ਇਸ ਸਕੀਮ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਬੈਠਕ ਵਿਚ ਐਲਡੀਐਮ ਸ੍ਰੀ ਮਨੀਸ਼ ਕੁਮਾਰ ਵੀ ਹਾਜਰ ਸਨ।