ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ

  • ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ 

ਫਤਿਹਗੜ੍ਹ ਚੂੜੀਆਂ, 25 ਅਕਤੂਬਰ : ਕਮਿਸ਼ਨਰ ਗੁਰਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ 21 ਅਕਤੂਬਰ, 2023 ਤੋਂ ਸ਼ੁਰੂ ਹੋ ਗਿਆ ਹੈ, ਜਿਸ ਤਹਿਤ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਫਤਿਹਗੜ੍ਹ ਚੂੜੀਆਂ ਸਤਵਿੰਦਰ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਬਣਾਉਣ ਸਬੰਧੀ ਫਾਰਮ 3(1) ਨਾਲ ਨਿਮਨ ਅਨੁਸਾਰ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼ ਪਹਿਚਾਣ ਲਈ ਤੇ ਇੱਕ ਕਲਰ ਫ਼ੋਟੋ ਲਗਾਉਣ ਜ਼ਰੂਰੀ ਹੈ। ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ ਵੱਲੋਂ ਪ੍ਰਵਾਨਿਤ ਅਧਿਕਾਰਿਤ ਪਛਾਣ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਫ਼ੋਟੋ ਪਛਾਣ ਪੱਤਰ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ/ਰਾਜ ਸਰਕਾਰ/ਪੀ.ਐੱਸ.ਯੂ./ਪਬਲਿਕ ਲਿਮਿਟੇਡ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫ਼ੋਟੋ ਵਾਲੇ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਦੁਆਰਾ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਵਾਲੀਆਂ ਪਾਸਬੁੱਕਾਂ, ਪੈਨ ਕਾਰਡ, ਆਰ.ਜੀ.ਆਈ ਤਹਿਤ ਐੱਨ.ਪੀ.ਆਰ. ਦੁਆਰਾ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਸਰਕਾਰੀ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤਾ ਗਿਆ ਅਧਿਕਾਰਿਤ ਪਛਾਣ ਪੱਤਰ ਹਨ। ਉਨ੍ਹਾਂ ਮਤਦਾਤਾ ਬਣਨ ਦੇ ਚਾਹਵਾਨ ਲੋਕਾਂ ਨੂੰ ਵੀ 15 ਨਵੰਬਰ ਤੱਕ ਆਪਣੇ ਫ਼ਾਰਮ ਉਕਤ ਪਛਾਣ ਪੱਤਰਾਂ ਦੇ ਨਾਲ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ।