ਬਰਨਾਲਾ ਨੇ ਆਪਣੇ 50 ਫੀਸਦੀ ਪਿੰਡ ਕੀਤੇ ਓ. ਡੀ. ਐਫ ਪਲੱਸ ਮੁਕਤ ਘੋਸ਼ਿਤ

  • ਬਰਨਾਲਾ ਨੇ ਆਪਣੇ 122 ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ਪਲੱਸ) ਘੋਸ਼ਿਤ ਕਰਨ ਦੇ 50 ਫੀਸਦੀ ਟੀਚੇ ਨੂੰ ਪ੍ਰਾਪਤ ਕੀਤਾ
  • ਮੰਤਰੀ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਇਸ ਪ੍ਰਾਪਤੀ ਲਈ ਦਿੱਤੀ ਵਧਾਈ

ਬਰਨਾਲਾ, 16 ਸਤੰਬਰ : ਜ਼ਿਲ੍ਹਾ ਬਰਨਾਲਾ ਨੇ ਆਪਣੇ 122 ਪਿੰਡਾਂ ਵਿੱਚੋਂ 50 ਫੀਸਦੀ ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਪਲੱਸ (ਓ.ਡੀ.ਐਫ ਪਲੱਸ) ਘੋਸ਼ਿਤ ਕਰਕੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ 2 ਚ ਪੰਜਾਬ ਭਰ ਚ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਜਲ ਸਰੋਤ ਅਤੇ ਵਾਤਾਵਰਣ ਵਿਭਾਗ ਦੇ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਸ ਨਾਲ ਹੀ ਜ਼ਿਲ੍ਹਾ ਬਰਨਾਲਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਮਾਪਦੰਡਾਂ ਮੁਤਾਬਕ ਗ੍ਰੀਨ ਜ਼ੋਨ ਚੋਂ ਡਾਰਕ ਗ੍ਰੀਨ ਜ਼ੋਨ ਚ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜੂਨ 2023 ਚ ਬਰਨਾਲਾ ਨੇ ਜ਼ਿਲ੍ਹਾ ਬਰਨਾਲਾ ਚ ਗ੍ਰੀਨ ਜ਼ੋਨ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ। ਇਹ ਪ੍ਰਸ਼ੰਸਾ ਪੱਤਰ ਸਵੱਛ ਵਾਤਾਵਰਣ ਨੂੰ ਯਕੀਨੀ ਬਣਾਉਣ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਅਤੇ ਸਿੰਜਾਈ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਸਮਰੱਥ ਬਣਾਉਣ ਵਿੱਚ ਮਦਦਗਾਰ ਸਾਬਿਤ ਹੋ ਰਹੀ ਹੈ। ਸਵੱਛ ਭਾਰਤ ਮਿਸ਼ਨ ਫੇਜ਼ 1 ਅਧੀਨ ਕੰਮ ਘਰਾਂ ਚ ਪਖਾਨੇ ਬਣਾਉਣ ਅਤੇ ਉਹਨਾਂ ਦੀ ਵਰਤੋਂ ਉੱਤੇ ਕੀਤਾ ਗਿਆ ਸੀ । ਹੁਣ ਇਸ ਪ੍ਰੋਜੈਕਟ ਦੇ ਫੇਜ਼ 2 ਤਹਿਤ ਜਨਤਕ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ 25 ਜੂਨ ਤੱਕ 31 ਪਿੰਡਾਂ ਨੂੰ ਓ.ਡੀ.ਐਫ ਪਲੱਸ ਐਲਾਨਿਆ ਗਿਆ ਸੀ ਅਤੇ ਹੁਣ 61 ਪਿੰਡਾਂ ਨੂੰ ਇਹ ਦਰਜਾ ਪ੍ਰਾਪਤ ਹੈ। ਸਵੱਛ ਭਾਰਤ ਮਿਸ਼ਨ ਰਾਹੀਂ ਵੱਖ - ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਣ ਲਈ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਚ ਮਦਦ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਬਰਨਾਲਾ ਨੂੰ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਪੱਧਰ 'ਤੇ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ। ਲਿਕਵਿਡ ਵੇਸਟ ਮੈਨੇਜਮੈਂਟ (ਗੰਦੇ ਪਾਣੀ ਦੇ ਪ੍ਰਬੰਧਨ) ਤਹਿਤ ਥਾਪਰ ਜਾਂ ਸੀਚੇਵਾਲ ਮਾਡਲ ਦੀ ਤਰਜ਼ 'ਤੇ 61 ਪਿੰਡਾਂ ਚ ਛੱਪੜਾਂ ਦਾ ਨਵੀਨੀਂਕਰਨ ਕੀਤਾ ਗਿਆ ਹੈ ਜਾਂ ਪਿੰਡ ਦੇ ਛੱਪੜਾਂ ਚ ਸਕ੍ਰੀਨਿੰਗ ਚੈਂਬਰ ਲਗਾ ਕੇ ਗੰਦੇ ਪਾਣੀ ਨੂੰ ਸਾਫ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ, ਠੋਸ ਰਹਿੰਦ-ਖੂੰਹਦ ਸ਼੍ਰੇਣੀ ਵਿੱਚ ਕੰਪੋਸਟ ਪਿਟ ਅਤੇ ਸ਼ੈਲਟਰ ਬਣਾਏ ਗਏ ਹਨ, ਜਿੱਥੇ ਠੋਸ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਹੈ।