ਬਾਬਾ ਫਰੀਦ ਆਗਮਨ ਪੁਰਬ 2023, ਬੀਰ ਸਿੰਘ ਦੇ ਸੂਫੀ ਕਲਾਮਾਂ ਨੇ ਬਿਖੇਰਿਆ ਸੰਗੀਤ ਦਾ ਜਲਵਾ

  • ਤੀਸਰੇ ਦਿਨ ਠਾਠਾਂ ਮਾਰਦੇ ਇੱਕਠ ਵਿੱਚ ਹੋਇਆ ਸੂਫੀਆਨਾ ਸੰਗੀਤ ਦਾ ਆਯੋਜਨ

ਫਰੀਦਕੋਟ 22 ਸਤੰਬਰ : ਬੀਤੀ ਸ਼ਾਮ ਦਰਬਾਰ ਗੰਜ਼ ਵਿਖੇ 850ਵੇਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਬੀਰ ਸਿੰਘ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਸੰਗੀਤ ਦਾ ਜਲਵਾ ਬਖੇਰਿਆ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਡੀ.ਆਈ.ਜੀ ਸ੍ਰੀ ਅਜੇ ਮਲੂਜਾ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ ਸ.ਹਰਜੀਤ ਸਿੰਘ, ਡਾ. ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਚੇਅਰਮੈਨ ਸ. ਗੁਰਤੇਜ ਸਿੰਘ ਖੋਸਾ ਨਗਰ ਸੁਧਾਰ ਟਰੱਸਟ, ਬੀਬਾ ਬੇਅੰਤ ਕੌਰ ਸੇਖੋਂ ਅਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆ ਉਨ੍ਹਾਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ  ਵਧਾਈ ਦਿੱਤੀ। ਸਮਾਗਮ ਦੀ ਸ਼ੁਰੂਆਤ ਗਾਇਕ ਬੀਰ ਸਿੰਘ ਨੇ "ਜਿਥੇ ਮਾਲਕ ਰੱਖਦਾ ਰਹਿਣਾ ਪੈਂਦਾ" "ਨਾਨਕ ਜੀ ਨਾਨਕ ਜੀ" ਗੀਤ ਨਾਲ ਕੀਤੀ। ਉਨ੍ਹਾਂ "ਅੱਲਾ ਜਾਣੇ ਤੇ ਯਾਰ ਨਾ ਜਾਣੇ" "ਛੱਲਾ ਗਲ ਦੀ ਗਾਨੀ" ਆਦਿ ਸੂਫੀ ਕਲਾਮਾਂ ਨਾਲ ਦਰਸ਼ਕਾਂ ਨੂੰ ਝੂੰਮਣ ਲਗਾਇਆ। ਇਸ ਉਪਰੰਤ "ਚੱਲ ਮੇਲੇ ਨੂੰ ਚੱਲੀਏ" "ਰਾਂਝਾ" ਚੱਲ ਜਿੰਦੀਏ" "ਜੁੱਤੀ ਕਸੂਰੀ" ਜਿਹੇ ਗੀਤਾਂ ਨਾਲ ਬਾਬਾ ਫਰੀਦ ਮੇਲੇ ਦੇ ਤੀਸਰੇ ਦਿਨ ਸ਼ਾਮ ਦਰਬਾਰ ਗੰਜ ਵਿਖੇ ਸੂਫੀਆਨਾ ਸ਼ਾਮ ਪ੍ਰੋਗਰਾਮ ਦੌਰਾਨ ਬੀਰ ਸਿੰਘ ਨੇ ਆਪਣੇ ਸੂਫੀਆਨਾ ਕਲਾਮ ਨਾਲ ਸੰਗੀਤ ਦਾ ਜਲਵਾ ਬਿਖੇਰਿਆ। ਤਕਰੀਬਨ 3 ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਜਿਥੇ ਦਰਸ਼ਕ ਸੰਗੀਤ ਨਾਲ ਮੰਤਰ ਮੁਗਧ ਹੋ ਕੇ ਬੈਠੇ ਰਹੇ ਉਥੇ ਨਾਲ ਹੀ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ, ਡੀ.ਸੀ. ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ ਸ. ਹਰਜੀਤ ਸਿੰਘ ਨੇ ਵੀ ਇਨ੍ਹਾਂ ਕਲਾਮਾਂ ਦੀ ਭਰਪੂਰ ਸ਼ਲਾਘਾ ਕੀਤੀ। ਸ਼ੇਖ ਬਾਬਾ ਫਰੀਦ ਜੀ ਦੇ 850ਵੇਂ ਆਗਮਨ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸੂਫੀਆਨਾ ਸੰਗੀਤ ਦਾ ਇਹ ਪ੍ਰੋਗਰਾਮ ਪੰਜਾਬ ਦੇ ਪਹਿਲੇ ਸੂਫੀ ਕਵੀ ਦੇ ਜੀਵਨ ਨੂੰ ਇਸ ਵਾਰ ਫਿਰ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕਰਕੇ ਮਨਾਇਆ ਗਿਆ। ਇਸ ਮੌਕੇ ਸੂਫੀ ਕਲਾਕਾਰ ਨੇ ਜਿਥੇ ਪਹਿਲਾਂ ਤੋਂ ਹੀ ਨਿਰਧਾਰਿਤ ਗੀਤਾਂ ਦੀ ਬਿਨਾਂ ਰੁਕੇ ਝੜੀ ਲਗਾਉਂਦਿਆਂ ਲੋਕਾਂ ਨੂੰ ਝੂੰਮਣ ਅਤੇ ਨੱਚਣ ਲਾਇਆ ਉਥੇ ਸਾਰਿਆਂ ਵਲੋਂ ਕੀਤੀਆਂ ਗਈਆਂ ਫਰਮਾਇਸ਼ਾਂ ਤੇ ਵੀ ਬਿਨਾਂ ਝਿਜਕ ਫੁੱਲ ਚੜਾਏ। ਜਸਬੀਰ ਸਿੰਘ ਜੱਸੀ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਬਾਬਾ ਫਰੀਦ ਮੇਲੇ ਦੌਰਾਨ ਹਰ ਸਾਲ ਸੂਫੀਆਨਾ ਸੰਗੀਤ ਦਾ ਪ੍ਰੋਗਰਾਮ ਇਲਾਕਾ ਨਿਵਾਸੀਆਂ ਵਾਸਤੇ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਅਤੇ ਇਸ ਵਾਰ ਵੀ ਸ਼ੇਖ ਬਾਬਾ ਫਰੀਦ ਜੀ ਨੂੰ ਸਮਰਪਿਤ ਇਸ ਮੇਲੇ ਦੌਰਾਨ ਸਾਰਿਆਂ ਵਲੋਂ ਬਾਬਾ ਫਰੀਦ ਵਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ। ਇਸ ਮੌਕੇ ਪ੍ਰੋਗਰਾਮ ਦੇ ਅੰਤ ਵਿੱਚ ਬੀਰ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ.ਡੀ.ਸੀ (ਜ) ਡਾ. ਨਿਰਮਲ ਓਸੇਪਚਨ, ਐਸ.ਡੀ.ਐਮ ਫਰੀਦਕੋਟ ਬਲਜੀਤ ਕੌਰ, ਸਹਾਇਕ ਕਮਿਸ਼ਨਰ ਤੁਸ਼ਿਤਾ ਗੁਲਾਟੀ, ਸ੍ਰੀ ਮਨਦੀਪ ਸਿੰਘ ਮੌਂਗਾ ਸਕੱਤਰ ਰੈਡ ਕਰਾਸ, ਸ.ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ,ਓ ਟੂ ਸਪੀਕਰ ਪੰਜਾਬ ਵਿਧਾਨ ਸਭਾ, ਸ.ਸੁਖਵੰਤ ਸਿੰਘ ਪੱਕਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।