ਬੁੱਢਾ ਦਲ ਦੇ ਮੁਖੀ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਦੀ ਬਰਸੀ ਸਬੰਧੀ ਮੁਖ ਸਮਾਗਮ ਆਰੰਭ 

ਤਲਵੰਡੀ ਸਾਬੋ 9 ਮਈ : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ 12 ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਚੇਤ ਸਿੰਘ ਦੀ 55 ਵੀਂ ਅਤੇ 13ਵੇਂ ਮੁਖੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਦੀ 15ਵੀਂ ਬਰ੍ਹਸੀ ਸਬੰਧੀ ਮੁਖ ਧਾਰਮਿਕ ਸਮਾਗਮ ਅੱਜ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸੁਯੋਗ ਅਗਵਾਈ ਨਿਰਦੇਸ਼ਨਾ ਤਹਿਤ, ਸ਼੍ਰੋਮਣੀ ਪੰਥ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ, ਛਾਉਣੀ ਨਿਹੰਗ ਸਿੰਘਾਂ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅੱਜ ਪਵੇਗਾ। ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਪਰੰਤ ਮੁੱਖ ਧਾਰਮਿਕ ਸਮਾਗਮ ਹੋਣਗੇ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਤਖ਼ਤਾਂ ਦੇ ਬਾਕੀ ਜਥੇਦਾਰ ਸਾਹਿਬਾਨ, ਸੰਪਰਦਾਵਾਂ ਦੇ ਮੁਖੀ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਸਾਹਿਬਾਨ ਸ਼ਮੂਲੀਅਤ ਕਰਨਗੇ ਉੱਥੇ ਪੰਥ ਪ੍ਰਸਿੱਧ ਰਾਗੀ, ਪ੍ਰਚਾਰਕ ਸਾਹਿਬਾਨ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਨਿਹਾਲ ਕਰਨਗੇ। ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਸੰਤ ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ ਵਾਲੇ ਆਪਣੀਆਂ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਬੁੱਢਾ ਦਲ ਦੇ ਇਤਿਹਾਸ ਤੋਂ ਜਾਣੂੰ ਕਰਵਾਉਣਗੇ। ਉਨ੍ਹਾਂ ਹੋਰ ਦੱਸਿਆ ਕਿ ਮੁਖ ਸਮਾਗਮ ਵਿਚ ਹਾਜਰੀਆਂ ਭਰਨ ਲਈ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦਮਦਮਾ ਸਾਹਿਬ ਪੁੱਜ ਚੁੱਕੀਆਂ ਹਨ ਜਿੰਨ੍ਹਾਂ ਦੀ ਰਿਹਾਇਸ਼ ਤੇ ਲੰਗਰਾਂ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ 10 ਮਈ ਨੂੰ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ ਉੱਥੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਅਤੇ ਰਿਨੀਊ ਕੀਤੇ ਜਾਣਗੇ।