ਆਯੂਸ਼ਮਾਨ ਭਵ ਮੁਹਿੰਮ ਤਹਿਤ 22 ਸਤੰਬਰ ਤੋਂ ਲਗਾਏ ਜਾਣਗੇ ਆਯੂਸ਼ਮਾਨ ਮੇਲੇ : ਡਿਪਟੀ ਕਮਿਸ਼ਨਰ

  • ਆਯੂਸ਼ਮਾਨ ਭਵ ਮੁਹਿੰਮ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਮਨਾਇਆ ਜਾਵੇਗਾ ਸੇਵਾ ਪੰਦਰਵਾੜਾ
  • ਮੁਹਿੰਮ ਅਧੀਨ 05 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਬਣਾਈ ਜਾਵੇਗੀ ਆਭਾ ਆਈ.ਡੀ.

ਫ਼ਤਹਿਗੜ੍ਹ ਸਾਹਿਬ, 15 ਸਤੰਬਰ : ਦੇਸ਼ ਦੇ ਰਾਸ਼ਟਰਪਤੀ ਵੱਲੋਂ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਵ ਮੁਹਿੰਮ ਅਧੀਨ ਜ਼ਿਲ੍ਹੇ ਦੇ 71 ਸਿਹਤ ਤੇ ਵੈਲਨੈੱਸ ਸੈਂਟਰਾਂ ਤੇ 05 ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਆਯੂਸ਼ਮਾਨ ਮੇਲੇ ਮਨਾਏ ਜਾਣਗੇ ਜਿਸ ਅਧੀਨ 22 ਸਤੰਬਰ ਨੂੰ ਕਮਿਊਨਿਟੀ ਹੈਲਥ ਸੈਂਟਰ ਅਮਲੋਹ ਤੇ ਬਸੀ ਪਠਾਣਾ, 29 ਸਤੰਬਰ ਨੂੰ ਕਮਿਊਨਿਟੀ ਹੈਲਥ ਸੈਂਟਰ ਚਨਾਰਥਲ, ਖਮਾਣੋਂ ਤੇ ਖੇੜਾ ਵਿਖੇ ਆਯੂਸ਼ਮਾਨ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੂਸ਼ਮਾਨ ਭਵ ਮੁਹਿੰਮ ਅਧੀਨ ਕੀਤੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਵ ਮੁਹਿੰਮ ਅਧੀਨ 17 ਸਤੰਬਰ ਤੋਂ 02 ਅਕਤੂਬਰ ਤੱਕ ਸੇਵਾ ਪੰਦਰਵਾੜਾ ਮਨਾਇਆ ਜਾਵੇਗਾ ਅਤੇ ਇਸ ਪੰਦਰਵਾੜੇ ਦੌਰਾਨ ਸਰਕਾਰ ਵੱਲੋਂ ਆਯੂਸ਼ਮਾਨ ਆਪ ਦੇ ਦੁਆਰ ਆਯੂਸ਼ਮਾਨ ਮੇਲੇ ਅਤੇ ਆਯੂਸ਼ਮਾਨ ਸਭਾ ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਯੂਸ਼ਮਾਨ ਮੇਲਿਆਂ ਵਿੱਚ ਆਉਣ ਵਾਲੇ ਮਰੀਜਾਂ ਦਾ ਮੁਫਤ ਮੈਡੀਕਲ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਵੀ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਮੌਕੇ ਤੇ ਹੀ ਬਣਾਏ ਜਾਣਗੇ।  ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੇਵਾ ਪੰਦਰਵਾੜੇ ਦੌਰਾਨ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਬੁਲਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਪਿੰਡਾਂ ਦੇ ਸਰਪੰਚ, ਪੰਚ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਪੇਂਡੂ ਸਿਹਤ ਸਫਾਈ ਤੇ ਪੋਸ਼ਣ ਕਮੇਟੀਆਂ ਦੇ ਮੈਂਬਰ ਸ਼ਮੂਲੀਅਤ ਕਰਨਗੇ। ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਫਾਈ ਮੁਹਿੰਮ ਵੀ ਆਯੂਸ਼ਮਾਨ ਸਵੱਛ ਭਾਰਤ ਅਧੀਨ ਚਲਾਈ ਜਾਵੇਗੀ ਇਸ ਸੇਵਾ ਪੰਦਰਵਾੜੇ ਦੌਰਾਨ ਖੂਨਦਾਨ ਕੈਂਪ ਲਗਾਏ ਜਾਣਗੇ ਅਤੇ ਅੰਗਦਾਨ ਕਰਨ ਲਈ ਲੋਕਾਂ ਨੁੰ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ 05 ਸਾਲ ਤੋਂ ਉਪਰ ਦੀ ਉਮਰ ਦੇ ਨਾਗਰਿਕਾਂ ਦੀਆਂ ਆਭਾ ਆਈ.ਡੀਜ਼ ਵੀ ਬਣਾਈਆਂ ਜਾਣਗੀਆਂ ਅਤੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਬੀ.ਪੀ., ਸ਼ੂਗਰ ਅਤੇ ਹੋਰ ਲੋੜੀਂਦੇ ਟੈਸਟ ਮੁਫਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹਿਮ ਤਹਿਤ ਟੀ.ਬੀ. ਦੇ ਮਰੀਜਾਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ ਅਤ ਟੀ.ਬੀ. ਦੇ ਮਰੀਜਾਂ ਨੂੰ ਨਿਕਸ਼ੈ ਮਿਤਰਾ ਸਕੀਮ ਤਹਿਤ ਪੋਸ਼ਣ ਕਿੱਟਾਂ ਵੀ ਦਿੱਤੀਆਂ ਜਾਣਗੀਆਂ ਅਤੇ ਸਿਹਤ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਜਿਹੜੇ ਪਿੰਡਾਂ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ 100 ਫੀਸਦ ਕਾਰਡ ਬਣੇ ਹੋਣਗੇ ਅਤੇ ਪਿੰਡ ਟੀ.ਬੀ. ਮੁਕਤ ਹੋਵੇਗਾ ਉਸ ਪਿੰਡ ਨੂੰ ਆਯੂਸ਼ਮਾਨ ਪਿੰਡ ਐਲਾਨਿਆਂ ਜਾਵੇਗਾ ।