ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਬਾਰੇ ਜਾਗਰੂਕ ਕੀਤਾ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੂਨ : ਸੀਨੀਅਰ ਕਪਤਾਨ ਪੁਲਿਸ ਸ. ਸੰਦੀਪ ਗਰਗ, ਐਸ.ਪੀ ਟਰੈਫਿਕ ਐੱਚ ਐੱਸ ਮਾਨ , ਡੀ.ਐਸ. ਪੀ ਟ੍ਰੈਫਿਕ ਮਹੇਸ਼ ਸੈਣੀ ਦੇ ਹੁਕਮਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਆਰ ਟੀ ਏ ਦਫ਼ਤਰ ਨਾਲ ਮਿਲ ਕੇ ਮੋਹਾਲੀ ਫਿਲਿੰਗ ਸਟੇਸ਼ਨ, ਸੈਕਟਰ-70 ਵਿਖੇ ਆਟੋ ਅਤੇ ਟੈਕਸੀ ਡਰਾਇਵਰਾਂ, ਆਮ ਲੋਕਾਂ ਨਾਲ ਸੰਪਰਕ ਕਰਕੇ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਆ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਗੱਡੀਆਂ ਦਾ ਮੁਫਤ ਪ੍ਰਦੂਸ਼ਣ ਚੈੱਕ ਕੀਤਾ। ਇਸ ਦੇ ਨਾਲ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਬਾਰੇ, ਕਿਸੇ ਬੁਲਟ-ਮੋਟਰਸਾਇਕਲ ਨੂੰ ਮੌਡਿਫਾਈ ਨਾ ਕਰਣ, ਐਮਰਜੈਂਸੀ ਵਾਹਨਾਂ ਨੂੰ ਪਹਿਲ ਦੇ ਅਧਾਰ ਤੇ ਰਸਤਾ ਦੇਣ ਬਾਰੇ, ਗਲਤ ਪਾਸੇ ਓਵਰ ਟੇਕ ਨਾ ਕਰਨ ਬਾਰੇ , ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਅਤੇ ਰਿਫਲੈਕਟਰ ਟੇਪ ਲਗਾਉਣ ਦੀ ਅਪੀਲ ਵੀ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਤੋਂ ਮਦਦ ਲਈ ਹੈਲਪਲਾਇਨ ਨੰਬਰ 181 ਤੇ ਕਾਲ ਕਰਨ ਬਾਰੇ, ਪੁਲਿਸ ਕੰਟਰੋਲ ਰੂਮ 112 ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ।