ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਅਧੀਨ ਕਰਵਾਏ ਜਾਣਗੇ ਜਾਗਰੂਕਤਾ ਸੈਮੀਨਾਰ : ਪਰਨੀਤ ਸ਼ੇਰਗਿੱਲ

  • ਸਖੀ ਵਨ ਸਟਾਪ ਸੈਂਟਰ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਆਦੇਸ਼
  • ਕੁਪੋਸ਼ਿਤ ਬੱਚਿਆਂ ਦੀ ਨਿਗਰਾਨੀ ਕਰਨ ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੀ ਕੀਤੀ ਮੀਟਿੰਗ 

ਫ਼ਤਹਿਗੜ੍ਹ ਸਾਹਿਬ, 15 ਨਵੰਬਰ : ਭਾਵੇਂ ਕਿ ਅਜੌਕੇ ਦੌਰ ਅੰਦਰ ਲੜਕੀਆਂ ਨੇ ਹਰੇਕ ਖੇਤਰ ਵਿੱਚ ਵੱਡੀਆਂ ਮੱਲ੍ਹਾ ਮਾਰ ਕੇ ਆਪਣੇ ਆਪ ਨੂੰ ਸਿੱਧ ਕੀਤਾ ਹੈ ਪ੍ਰੰਤੂ ਫਿਰ ਵੀ ਅਜੇ ਕੁਝ ਅਜਿਹੇ ਲੋਕ ਵੀ ਹਨ ਜਹਿੜੇ ਜਣੇਪੇ ਦੌਰਾਨ ਅਲਟਰਾ ਸਾਊਂਡ ਦਾ ਸਹਾਰਾ ਲੈ ਕੇ ਗਰਭ ਵਿੱਚ ਹੀ ਲੜਕੀਆਂ ਨੂੰ ਮਾਰ ਰਹੇ ਹਨ। ਗਰਭ ਵਿੱਚ ਲੜਕੀਆਂ ਨੂੰ ਮਾਰਨਾਂ ਜਿਥੇ ਕਾਨੂੰਨੀ ਤੌਰ ਤੇ ਇੱਕ ਅਪਰਾਧ ਹੈ ਉਥੇ ਸਮਾਜਿਕ ਤੌਰ ਤੇ ਵੀ ਇਹ ਇੱਕ ਅਜਿਹਾ ਸ਼ਰਮਨਾਕ ਕਾਰਾ ਹੈ ਜਿਸ ਨੂੰ ਖ਼ਤਮ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਲੜਕੀਆਂ ਦੀ ਜਨਮ ਦਰ ਵਧਾਉਣ ਦੇ ਮਕਸਦ ਨਾਲ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕਰਕੇ ਲੜਕੀਆ ਦੀ ਜਨਮ ਦਰ ਵਿੱਚ ਵਾਧਾ ਕੀਤਾ ਜਾ ਸਕੇ।  ਡਿਪਟੀ ਕਮਿਸ਼ਨਰ ਨੇ ਸਖੀ ਵਨ ਸਟਾਪ ਸੈਂਟਰ ਦੀ ਮੀਟਿੰਗ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਿਵੇਂ ਕਿ ਘਰੇਲੂ ਹਿੰਸਾ, ਤੇਜਾਬੀ ਹਮਲਾ, ਬਲਾਤਕਾਰ, ਗੈਰ-ਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ ਸੇਵਾਵਾਂ, ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਅਤੇ ਪੀੜਤ ਮਹਿਲਾ ਨੂੰ ਵੱਧ ਤੋਂ ਵੱਧ 5 ਦਿਨਾਂ ਦਾ ਅਸਥਾਈ ਆਸਰਾ ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਔਰਤਾਂ ਬਿਨਾਂ ਕਿਸੇ ਡਰ ਤੋਂ ਇਨਸਾਫ ਪ੍ਰਾਪਤ ਕਰ ਸਕਣ। ਉਨ੍ਹਾਂ ਸਖੀ ਵਨ ਸਟਾਪ ਸੈਂਟਰ ਵਿਖੇ ਇੱਕ ਸਥਾਈ ਮਹਿਲਾ ਸਬ ਇੰਸਪੈਕਟਰ ਦੀ ਨਿਯੁਕਤੀ ਕਰਨ ਬਾਰੇ ਅਗਲੇਰੀ ਕਾਰਵਾਈ ਕਰਨ ਲਈ ਵੀ ਕਿਹਾ ਤਾਂ ਜੋ ਔਰਤਾਂ ਦੇ ਕੇਸਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋ ਸਕੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਅਤਿ ਕੁਪੋਸ਼ਿਤ ਬੱਚਿਆਂ ਨੂੰ ਤੰਦਰੁਸਤ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਦਰਜ਼ ਅਤਿ ਕੁਪੋਸ਼ਿਤ ਬੱਚਿਆਂ ਤੇ ਨਿਗਰਾਨੀ ਰੱਖਣ ਲਈ ਅਧਿਕਾਰੀਆਂ ਤੇ ਕਮੇਟੀ ਮੈਂਬਰਾਂ ਦੀ ਡਿਊਟੀ ਲਗਾਈ ਜਾਵੇਗੀ ਅਤੇ ਜ਼ਿਲ੍ਹੇ ਦੇ 5-5 ਕੁਪੋਸ਼ਿਤ ਬੱਚਿਆਂ ਨੂੰ ਅਧਿਕਾਰੀ ਅਡਾਪਟ ਕਰਕੇ ਉਨ੍ਹਾਂ ਦੀ ਸਿਹਤ ਤੇ ਤਿੱਖੀ ਨਜ਼ਰ ਰੱਖਣਗੇ ਤਾਂ ਜੋ ਜ਼ਿਲ੍ਹੇ ਦੇ ਬੱਚਿਆਂ ਨੂੰ ਤੰਦਰੁਸਤ ਬਣਾਇਆ ਜਾ ਸਕੇ। ਉਨ੍ਹਾਂ ਸਮੂਹ ਸੀ.ਡੀ.ਪੀ.ਓਜ਼ ਨੂੰ ਆਦੇਸ਼ ਦਿੱਤੇ ਜ਼ਿਲ੍ਹੇ ਦੇ ਅਤਿ ਕੁਪੋਸ਼ਿਤ ਬੱਚਿਆਂ ਦਾ ਰਿਕਾਰਡ ਮੁੜ ਤੋਂ ਘੋਖਿਆ ਜਾਵੇ ਅਤੇ ਕੁਪੋਸ਼ਿਤ ਬੱਚਿਆਂ ਦੀ ਸਹੀ ਗਿਣਤੀ ਬਾਰੇ ਉਨ੍ਹਾਂ ਨੂੰ ਰਿਪੋਰਟ ਭੇਜੀ ਜਾਵੇ ਤਾਂ ਜੋ ਇਸ ਅਤਿ ਗੰਭੀਰ ਮੁੱਦੇ ਦਾ ਫੌਰੀ ਹੱਲ ਕਰਨ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਮੀਟਿੰਗ ਵਿੱਚ ਐਸ.ਪੀ. (ਹੈਡ ਕੁਆਰਟਰ) ਸ਼੍ਰੀ ਰਮਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਹਿਤੇਨ ਕਪਿਲਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ, ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਸ਼੍ਰੀਮਤੀ ਰਜਨੀ ਬਾਲਾ, ਸਖੀ ਵਨ ਸਟਾਪ ਸੈਂਟਰ ਵਿੱਚ ਤਾਇਨਾਤ ਐਸ.ਆਈ. ਰਮਨਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਮੇਟੀ ਮੈਂਬਰ ਹਾਜਰ ਸਨ।