ਬੀ ਐਸ ਐਫ ਕੈਂਪਸ ਰਾਮਪੁਰਾ ਵਿਖੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਫਾਜ਼ਿਲਕਾ, 7 ਅਗਸਤ : ਸਿਵਲ ਸਰਜਨ ਫਾਜ਼ਿਲਕਾ ਡਾਕਟਰ ਸਤੀਸ਼ ਕੁਮਾਰ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾਕਟਰ ਰੋਹਿਤ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਡੱਬ ਵਾਲਾ ਕਲਾਂ ਡਾਕਟਰ ਕਵਿਤਾ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਰਾਮਪੁਰਾ ਦੇ  ਬੀ ਐਸ ਐਫ ਕੈਂਪਸ ਰਾਮਪੁਰਾ ਵਿਖੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਦੌਰਾਨ ਡਾਕਟਰ ਸੁਨੀਤਾ ਕੰਬੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਘਰ ਦੇ ਆਲੇ ਦੁਆਲੇ ਦੀ ਸਫਾਈ ਰੋਜ਼ਾਨਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇਗਾ ਉਥੇ ਹਮੇਸ਼ਾ ਮੱਛਰਾਂ ਦੇ ਪੈਦਾ ਹੋਣ ਦਾ  ਕਾਰਨ ਬਣਦਾ ਹੈ। ਨਾਲ਼ੀਆਂ ਅਤੇ ਟੋਭਿਆਂ ਵਿਚ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਕਾਲਾ ਤੇਲ ਪਾਇਆ ਜਾਵੇ। ਘਰਾਂ ਵਿਚ ਪਏ ਵਾਧੂ ਦੇ ਕਬਾੜ ਨੂੰ ਛੱਤ ਥੱਲੇ ਰੱਖ ਦਿੱਤਾ ਜਾਵੇ ਕੋਈ ਵੀ ਕਬਾੜ ਖੁੱਲ੍ਹੇ ਵਿਹੜੇ ਵਿੱਚ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਘਰ ਵਿਚ ਕੂਲਰਾਂ, ਫਰੀਜ਼ ਦੀ ਟਰੇਅ, ਗਮਲਿਆਂ ਆਦਿ ਦੀ ਹਫਤੇ ਵਿੱਚ ਇੱਕ ਵਾਰ ਸਫਾਈ ਜ਼ਰੂਰ ਕੀਤੀ ਜਾਵੇ। ਮੱਛਰਾਂ ਤੋਂ ਬਚਾਅ ਲਈ ਪੂਰੀ ਬਾਜੁ ਵਾਲੇ ਕਪੜੇ ਪਾਏ ਜਾਣ ਅਤੇ ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਵਾਲੇ ਬਰਤਨਾਂ ਨੂੰ ਹਮੇਸ਼ਾ ਢਕ ਕੇ ਰੱਖਿਆ ਜਾਵੇ ਅਤੇ ਇਹਨਾਂ ਦੀ ਹਫਤੇ ਵਿਚ ਇਕ ਦਿਨ ਸਫਾਈ ਕੀਤੀ ਜਾਵੇ। ਘਰ ਵਿੱਚ ਜੇਕਰ ਕਿਸੇ ਨੂੰ ਬੁਖ਼ਾਰ ਹੁੰਦਾ ਹੈ ਤਾਂ ਉਹ ਆਪਣਾ ਡੇਂਗੂ ਦਾ ਟੈਸਟ ਮੁਫਤ ਵਿੱਚ ਸਰਕਾਰੀ ਹਸਪਤਾਲ ਵਿੱਚ , ਸਰਕਾਰੀ ਸਿਹਤ ਕੇਂਦਰਾਂ ਵਿੱਚ ਕਰਵਾ ਸਕਦਾ ਹੈ ਅਤੇ ਇਸ ਦਾ ਇਲਾਜ ਵੀ ਮੁਫ਼ਤ ਦਿੱਤਾ ਜਾਂਦਾ ਹੈ। ਇਸ ਦੌਰਾਨ ਸ਼੍ਰੀ ਵਿਜੇ ਕੁਮਾਰ ਐਮ ਪੀ ਐਚ ਐਸ, ਬੀ ਐਸ ਐਫ ਕੈਂਪਸ ਰਾਮਪੁਰਾ ਵਲੋਂ ਅਨੁਰਾਧਾ ਫਾਰਮੈਸੀ ਅਫ਼ਸਰ, ਅਨਿਲ ਕੁਮਾਰ ਫਾਰਮੈਸੀ ਅਫ਼ਸਰ, ਵਿੱਕੀ ਐਮ ਪੀ ਐਚ ਡਬਲਿਊ ਆਦਿ ਹਾਜ਼ਰ ਸਨ।