ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐੱਸ.ਡੀ ਕਾਲਜ ਬਰਨਾਲਾ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ 

ਬਰਨਾਲਾ, 13 ਅਕਤੂਬਰ : ਐੱਸ.ਡੀ ਕਾਲਜ ਬਰਨਾਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਰਾਜਨੀਤੀ ਵਿਗਿਆਨ ਅਤੇ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।  ਇਸ ਮੌਕੇ ਐਡਵੋਕੇਟ ਅਨੂ ਸ਼ਰਮਾ ਅਤੇ ਪੀ.ਐਲ.ਵੀ ਮੈਡਮ ਰੇਣੂਕਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਸ਼ਿਆਂ ਨਾਲ ਨੌਜਵਾਨ ਆਪਣੀ ਸਿਹਤ ਦੇ ਨਾਲ-ਨਾਲ ਘਰਾਂ ਦਾ ਆਰਥਿਕ ਨੁਕਸਾਨ ਵੀ ਕਰਦੇ ਹਨ। ਘਰੇਲੂ ਝਗੜਿਆਂ ਦਾ ਕਾਰਨ ਨਸ਼ੇ ਹਨ। ਨਸ਼ਿਆਂ ਨਾਲ ਹੱਸਦੇ-ਵੱਸਦੇ ਘਰ ਉਜੜ ਰਹੇ ਹਨ। ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨਾਲਸਾ ਦੀਆਂ ਸਕੀਮਾਂ­ ਮੁਫ਼ਤ ਵਕੀਲ ਲੈਣ ਸਬੰਧੀ ਅਤੇ ਘਰੇਲੂ ਝਗੜਿਆਂ ਦੇ ਨਿਪਟਾਰੇ ਸਬੰਧੀ ਵੀ ਜਾਣਕਾਰੀ ਦਿੱਤੀ। ਕਾਲਜ ਦੇ ਵਿਦਿਆਰਥਣਾਂ ਵਲੋਂ ਵੀ ਨਸ਼ਿਆਂ ਨੂੰ ਲੈ ਕੇ ਕਵਿਤਾਵਾਂ ਅਤੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੋਲੀਟੀਕਲ ਸਾਇੰਸ ਦੇ ਮੁਖੀ ਪ੍ਰੋ. ਸ਼ੋਇਬ ਜ਼ਫ਼ਰ ਅਤੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਮਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਵਾਈਸ ਪਿ੍ਰੰਸੀਪਲ ਪ੍ਰੋ. ਨਿਰਮਲ ਗੁਪਤਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਆਸ ਪ੍ਰਗਟਾਈ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਰੀ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।