ਪੋਸ਼ਣ ਮਾਂਹ ਅਧੀਨ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ

ਫ਼ਤਹਿਗੜ੍ਹ ਸਾਹਿਬ, 26 ਸਤੰਬਰ : ਜਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੌਸ਼ਣ ਮਾਹ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ  ਮੌਕੇ ਡਾਕਟਰ ਨਵਨੀਤ ਕੌਰ ਨੇ ਕਿਸ਼ੋਰ ਲੜਕੀਆਂ ਨੂੰ ਅਨੀਮੀਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਅਨੀਮੀਆ ਦੇ ਲੱਛਣ ਅਤੇ ਬਚਾਅ ਸੰਬੰਧੀ ਵੀ ਜਾਗਰੁਕ ਕੀਤਾ । ਇਸ ਤੋਂ ਇਲਾਵਾ ਪੋਸ਼ਟਿਕ ਆਹਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਜੰਕ ਫੂਡ ਤੋ ਦੂਰ ਰਹਿਣ ਲਈ ਕਿਹਾ ਗਿਆ। ਇਸ ਮੌਕੇ ਸੀ.ਡੀ.ਪੀ.ਓ. ਸ਼੍ਰੀ ਰਾਹੁਲ ਅਰੋੜਾ ਨੇ ਕਿਹਾ ਕਿ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਤੰਬਰ ਦੇ ਮਹੀਨੇ ਨੂੰ  ਪੋਸ਼ਣ ਮਾਹ ਦੇ ਤੌਰ ਤੇ  ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਅੱਜ ਜਾਗਰੂਕਤਾ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਪੋਸ਼ਟਿਕ ਭੋਜਨ ਅਤੇ ਨਿਰੋਗ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ,, ਇਸ ਦੇ ਤਹਿਤ ਵਿਸ਼ੇਸ਼ ਤੌਰ ’ਤੇ ਹਰੀਆ ਸਬਜੀਆਂ ਦੁੱਧ, ਫਲ, ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਇਓਡੀਨ ਯੁਕਤ ਭੋਜਨ ਕਰਨਾ ਚਾਹੀਦਾ ਹੈ। ਪੋਸ਼ਣ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਮਜਬੂਤ ਬਣਾਉਂਦਾ ਹੈ। ਪੌਸ਼ਟਿਕਤਾ ਮੌਜੂਦਾ ਅਤੇ ਅਗਲੀ ਪੀੜੀ ਲਈ ਬਚਾਅ, ਸਿਹਤ ਅਤੇ ਵਿਕਾਸ ਪੱਖੋਂ ਬੇਹੱਦ ਗੰਭੀਰ ਮੁੱਦਾ ਹੈ।  ਇਸ ਮੌਕੇ ਬਲਾਕ ਕੋਆਰਡੀਨੇਟਰ ਸ਼੍ਰੀਮਤੀ ਹੇਮਲਤਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ “ਸੰਤੁਲਿਤ ਖੁਰਾਕ’’ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕਸ਼ੀਤਿਜ ਸੀਮਾ ਡੀ.ਪੀ.ਐਮ., ਅਮਰਜੀਤ ਸਿੰਘ, ਹਰਪਾਲ ਸਿੰਘ ਸੋਢੀ, ਮਹਾਵੀਰ ਸਿੰਘ  ਸ੍ਰੀਮਤੀ ਹੇਮਲਤਾ, ਸੁਪਰਵਾਈਜ਼ਰ ਹਰਬੰਸ ਕੌਰ, ਸੁਪਰਵਾਈਜ਼ਰ ਕੁਲਬੀਰ ਕੌਰ, ਗੁਰਪ੍ਰੀਤ ਕੌਰ ਤੇ ਬਬਨਪ੍ਰੀਤ ਕੌਰ ਸਕੂਲ ਟੀਚਰ  ਵਿਦਿਆਰਥੀ ਮੌਜੂਦ ਸਨ।