ਸਟਾਪ ਡਾਇਰੀਆਂ ਮੁਹਿੰਮ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਜਾਗਰੂਕਤਾ ਸਮਾਗਮ

  • ਦਸਤਾਂ ਦਾ ਸਮੇਂ ਸਿਰ ਇਲਾਜ ਕਰਨ ਨਾਲ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ: ਡਾ ਚੰਦਰ ਸ਼ੇਖਰ ਕੱਕੜ
  • ਸਿਹਤ ਵਿਭਾਗ ਫਾਜਿਲਕਾ 31 ਅਗਸਤ ਤੱਕ ਮਨਾ ਰਿਹਾ ਹੈ ਸਟਾਪ ਡਾਇਰੀਆਂ ਮੁਹਿੰਮ: ਡਾ ਚੰਦਰ ਸ਼ੇਖਰ ਕੱਕੜ

ਫਾਜਿਲਕਾ 8 ਜੁਲਾਈ 2024 : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਵਿੱਚ 31 ਅਗਸਤ ਤੱਕ ਸਟਾਪ ਡਾਇਰੀਆਂ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਸਬੰਧੀ ਡਾ ਚੰਦਰ ਸ਼ੇਖਰ ਕੰਕੜ ਦੀ ਪ੍ਰਧਾਨਗੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜਿਲਕਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਸੁਨੀਤਾ ਕੰਬੋਜ਼, ਮਾਸ ਮੀਡੀਆ ਬ੍ਰਾਂਚ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਹਰਮੀਤ ਸਿੰਘ ਅਤੇ ਸੁਖਦੇਵ ਸਿੰਘ ਹਾਜ਼ਰ ਸਨ। ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਭਾਰਤ ਵਿੱਚ ਡਾਇਰੀਏ ਨਾਲ ਛੋਟੇ ਬੱਚਿਆਂ ਦੀ ਮੌਤ ਦਰ ਬਹੁਤ ਹੈ ਇਸ ਮੁਹਿੰਮ ਦਾ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਅਤੇ ਬੱਚਿਆਂ ਦੀ ਡਾਇਰੀਏ ਕਾਰਨ ਹੋਣ ਵਾਲੀਆਂ ਮੌਤਾਂ ਤੇ ਕੰਟਰੋਲ ਕਰਨਾ ਹੈ। ਉਹਨਾਂ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਬੱਚੇ ਦਸਤਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਬੱਚਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਕਈ ਵਾਰੀ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਜਾਗਰੂਕਤਾ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਓ ਆਰ ਐਸ ਅਤੇ ਜਿੰਕ ਕਾਰਨਰ ਬਨਾਏ ਗਏ ਹਨ। ਜਿੰਕ ਕਾਰਨਰ ਤੋਂ ਕੋਈ ਵੀ ਵਿਅਕਤੀ ਓ ਆਰ ਐਸ ਅਤੇ ਜਿੰਕ ਗੋਲੀਆਂ ਪ੍ਰਾਪਤ ਕਰ ਸਕਦਾ ਹੈ। ਡਾ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਹਰੇਕ ਘਰ ਵਿੱਚ 5 ਸਾਲ ਤੱਕ ਦੇ ਬੱਚਿਆਂ ਲਈ ਓਆਰਐਸ ਦੇ ਰਿਹਾ ਹੈ ਅਤੇ ਲੋੜ ਪੈਣ ਤੇ ਜਿੰਕ ਦੀਆਂ ਗੋਲੀਆਂ ਵੀ 14 ਦਿਨਾਂ ਲਈ ਦਿੱਤੀਆਂ ਜਾ ਰਹੀਆਂ ਹਨ। ਉਹਨਾਂ  ਘਰ ਵਿੱਚ ਓਆਰ ਐਸ ਬਨਾਉਣ ਅਤੇ ਹੱਥ ਧੋਣ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਜਾਂ ਬਾਲਗਾਂ ਨੂੰ ਜ਼ਿਆਦਾ ਦਸਤ ਲੱਗੇ ਹੋਣ, ਮਰੀਜ਼ ਕੰਮਜ਼ੋਰੀ ਮਹਿਸੂਸ ਕਰ ਰਿਹਾ ਹੋਵੇ, ਪਿਸ਼ਾਬ ਘੱਟ ਆ ਰਿਹਾ ਹੋਵੇ, ਅੱਖਾਂ ਪਿੱਛੇ ਨੂੰ ਧੱਸੀਆਂ ਹੋਣ, ਸਰੀਰ ਵਿੱਚ ਪਾਣੀ ਦੀ ਘਾਟ ਮਹਿਸੂਸ ਹੋਵੇ ਤਾਂ ਨੇੜੇ ਦੀ ਸਿਹਤ ਸੰਸਥਾ ਨਾਲ ਜਲਦੀ ਸੰਪਰਕ ਕੀਤਾ ਜ਼ਾਵੇ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਵਿਨੋਦ ਖੁਰਾਣਾ, ਦਿਵੇਸ਼ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਡਾਇਰੀਏ ਤੋਂ ਬਚਣ ਲਈ ਇਲਾਜ ਦੇ ਨਾਲ ਨਾਲ ਨਿੱਜੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਘਰ ਵਿੱਚ ਖਾਣਾ ਬਨਾਉਣ ਅਤੇ ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਸ਼ੋਚ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਖਾਣਾ ਢੱਕ ਕੇ ਰੱਖਿਆ ਜਾਵੇ, ਪਾਣੀ ਉਬਾਲ ਕੇ ਪੀਤਾ ਜਾਵੇ, ਘਰ ਵਿੱਚ ਬਣਿਆ ਖਾਣਾ ਹੀ ਖਾਧਾ ਜਾਵੇ, ਸਬਜੀਆਂ ਅਤੇ ਫ਼ਲ ਸਾਫ਼ ਕਰਕੇ ਵਰਤੋਂ ਵਿੱਚ ਲਿਆਂਦੇ ਜਾਣ। ਇਸ ਸਮੇਂ ਪ੍ਰਿੰਸੀਪਲ ਸੁਤੰਤਰ ਪਾਠਕ, ਸੰਦੀਪ ਕਟਾਰੀਆ ਅਤੇ ਹੋਰ ਅਧਿਆਪਿਕ ਹਾਜ਼ਰ ਸਨ।