ਪੀ.ਐਮ ਵਿਸ਼ਵਕਰਮਾ ਸਕੀਮ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ ਜਾਗਰੂਕਤਾ ਕੈਂਪ : ਡਿਪਟੀ ਕਮਿਸ਼ਨਰ

  • ਵੱਧ ਤੋਂ ਵੱਧ ਲੋਕਾਂ ਨੂੰ ਦਿੱਤਾ ਜਾਵੇਗਾ ਪੀ.ਐਮ ਵਿਸ਼ਵਕਰਮਾ ਦਾ ਫਾਇਦਾ: ਜਸਵਿੰਦਰ ਪਾਲ ਸਿੰਘ ਚਾਵਲਾ
  • ਪੀ.ਐਮ ਵਿਸ਼ਵਕਰਮਾ ਸਕੀਮ ਡਿਸਟ੍ਰਿਕ ਇੰਪਲੀਮੈਂਟਸ਼ਨ ਕਮੇਟੀ ਦੀ ਹੋਈ ਪਲੇਠੀ ਮੀਟਿੰਗ

ਫਾਜ਼ਿਲਕਾ, 18 ਅਕਤੂਬਰ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ *ਤੇ ਸਰਕਾਰ ਵੱਲੋਂ ਸ਼ੁਰੂ ਪੀ.ਐਮ ਵਿਸ਼ਵਕਰਮਾ ਸਕੀਮ ਦਾ ਯੋਗ ਲਾਭਪਾਤਰੀਆਂ ਨੂੰ ਲਾਹਾ ਪਹੁੰਚਾਉਣ ਲਈ ਜਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਸ. ਜਸਵਿੰਦਰ ਪਾਲ ਸਿੰਘ ਚਾਵਲਾ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਪੀ.ਐਮ ਵਿਸ਼ਵਕਰਮਾ ਸਕੀਮ ਡਿਸਟ੍ਰਿਕ ਇੰਪਲੀਮੈਂਟਸ਼ਨ ਕਮੇਟੀ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕਮੇਟੀ ਮੈਂਬਰ ਸ੍ਰੀ ਰਾਕੇਸ਼ ਧੂੜੀਆ ਅਤੇ ਲੀਡ ਬੈਂਕ ਮੈਨੇਜਰ ਸ੍ਰੀ ਮਨੀਸ਼ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਪੀ.ਐਮ ਵਿਸ਼ਵਕਰਮਾ ਅਧੀਨ ਨੋਟੀਫਾਈਡ 18 ਟਰੇਡਾਂ ਅਧੀਨ ਕੰਮਾਂ ਕਰਦੇ ਕਾਮਗਰਾਂ/ਕਾਰੀਗਰਾਂ ਵੱਲੋਂ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੀ.ਐਮ ਵਿਸ਼ਵਕਰਮਾ ਸਕੀਮ ਸਬੰਧੀ ਜਾਣਕਾਰੀ ਦੇਣ ਲਈ ਜਿਲ੍ਹੇ ਵਿੱਚ ਜਨਤਕ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ। ਮੀਟਿੰਗ ਦੀ ਸ਼ੁਰੂਆਤ ਵਿੱਚ ਸ. ਜਸਵਿੰਦਰ ਪਾਲ ਸਿੰਘ ਚਾਵਲਾ, ਜਨਰਲ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਡਾ. ਸੇਨੂੰ ਦੁੱਗਲ ਦੀ ਅਗਵਾਈ ਵਿੱਚ ਜਿਲ੍ਹਾ ਫਾਜ਼ਿਲਕਾ ਵਿਚ ਪੀ.ਐਮ ਵਿਸ਼ਵਕਰਮਾ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਡਿਸਟ੍ਰਿਕ ਇੰਪਲੀਮੈਂਟਸ਼ਨ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੀ.ਐਮ ਵਿਸ਼ਵਕਰਮਾ ਸਕੀਮ ਲਾਂਚ ਕੀਤੀ ਗਈ ਹੈ। ਇਹ ਸਕੀਮ ਅਗਲੇ ਪੰਜ ਸਾਲਾਂ 2027—28 ਤੱਕ ਲਾਗੂ ਰਹੇਗੀ।  ਇਸ ਸਕੀਮ ਤਹਿਲ ਅਲੱਗ ਅਲੱਗ 18 ਟਰੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸਕੀਮ ਅਧੀਨ ਅਪਲਾਈ ਕਰਨ ਵਾਲੇ ਟਰੇਡਾਂ ਦੇ ਕਾਰੀਗਰਾਂ ਨੂੰ 1—1 ਲੱਖ ਰੁਪਏ ਦਾ ਕਰਜ਼ ਘੱਟ ਵਿਆਜ ਤੇ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸਕੀਮ ਵਿੱਚ ਨਿਰਧਾਰਿਤ 18 ਅਲੱਗ ਅਲੱਗ ਟਰੇਡਾਂ ਨਾਲ ਸਬੰਧਤ ਕਾਰੀਗਰ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਆਪਣਾ ਕੇਸ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਤਿੰਨ ਚਰਨਾਂ ਦੀ ਵੈਰੀਫਿਕੇਸ਼ਨ ਅਤੇ ਟੇ੍ਰਨਿੰਗ ਉਪਰੰਤ ਬੈਂਕ ਵੱਲੋਂ ਯੋਗ ਲਾਭਪਾਤਰੀ ਨੂੰ ਇੱਕ ਲੱਖ ਰੁਪਏ ਤੱਕ ਦਾ ਕਰਜਾ ਘੱਟ ਵਿਆਜ ਤੇ ਦਿੱਤਾ ਜਾਵੇਗਾ। ਇਸ ਮੌਕੇ ਤੇ ਲੀਡ ਬੈਂਕ ਮੈਨੇਜਰ ਮਨੀਸ਼ ਕੁਮਾਰ ਨੇ ਕਿਹਾ ਕਿ ਜਿਲ੍ਹੇ ਦੇ ਬੈਂਕਾਂ ਵੱਲੋਂ ਬੈਂਕ ਵਿੱਚ ਆਉਣ ਵਾਲੇ ਲੋਕਾਂ ਨੂੰ ਸਕੀਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਮੈਡਮ ਸ਼ਿਖਾ, ਜਿਲ੍ਹਾ ਮੈਨੇਜਰ, ਕਾਮਨ ਸਰਵਿਸ ਸੈਂਟਰ ਫਾਜ਼ਿਲਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਸੀ.ਐਸ.ਸੀ ਸੈਂਟਰਾਂ ਨੂੰ ਪੀ.ਐਮ ਵਿਸ਼ਵਕਰਮਾ ਦੇ ਫਾਰਮ ਪਹਿਲ ਦੇ ਆਧਾਰ ਤੇ ਭਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮੀਟਿੰਗ ਵਿੱਚ ਫੰਕਸ਼ਨਲ ਮੈਨੇਜਰ ਸ. ਨਿਰਵੈਰ ਸਿੰਘ ਹਾਜ਼ਰ ਰਹੇ।