ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਜਾਰੀ: ਸਿਵਲ ਸਰਨਨ ਬਰਨਾਲਾ

ਬਰਨਾਲਾ, 28 ਅਕਤੂਬਰ : ਮਾਣਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਹਰ ਸ਼ੁਕਰਵਾਰ-ਡੇਂਗੂ ਤੇ ਵਾਰ’’ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ  ਜ਼ਿਲ੍ਹਾ ਬਰਨਾਲਾ ਦੇ ਸਰਕਾਰੀ, ਪ੍ਰਾਈਵੇਟ ਦਫਤਰਾਂ, ਨਰਸਿੰਗ ਕਾਲਜਾਂ ਅਤੇ ਸਲੱਮ ਏਰੀਆ ‘ਚ ਘਰ-ਘਰ ਜਾ ਕੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ । ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਸਭਨਾਂ ਦੀ ਸਾਂਝੀ ਜਿਮੇਵਾਰੀ ਹੈ ਅਤੇ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਬੁਖਾਰ ਹੋਣ ਤੇ ਉਸ ਦੀ ਜਾਂਚ ਕਰਵਾਉਣੀ  ਜਰੂਰੀ ਹੈ ਤਾਂ ਜੋ ਸਮੇਂ ਸਿਰ ਮਰੀਜ ਦਾ ਸਹੀ ਇਲਾਜ ਹੋ ਸਕੇ। ਉਹਨਾਂ ਕਿਹਾ ਭਾਵੇਂ ਸਰਕਾਰ ਵੱਲੋਂ ਜ਼ਿਲ਼੍ਹੇ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਬੰਧ ਮੋਜੂਦ ਹਨ ਪਰੰਤੂ ਫਿਰ ਵੀ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਮੱਛਰਾਂ ਦੀ ਪੈਦਾਇਸ਼ ਨੂੰ ਖਤਮ ਕਰਨਾ ਜਰੂਰੀ ਹੈ। ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਡੇਂਗੂ ਬੁਖ਼ਾਰ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੀ ਜਾਂਦੀ ਹੈ। ਜਿਲ੍ਹਾ ਐਪੀਡਿਮਾਲੋਜਿਸਟ ਡਾ.ਮੁਨੀਸ ਕੁਮਾਰ ਨੇ ਦੱਸਿਆ ਕਿ  ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰਦੁਆਰਿਆਂ, ਮੰਦਿਰਾਂ, ਮਸਜਿਦਾਂ ਆਦਿ ਰਾਹੀਂ ਸਵੇਰੇ-ਸ਼ਾਮ ਅਨਾਊਂਸਮੈਂਟਸ ਕਰਵਾਈਆਂ ਜਾ ਰਹੀਆਂ ਹਨ। ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਏਰੀਏ ਦਾ ਟੂਰ ਕਰਦੇ ਸਮੇਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਸੁਪਰਵਾਇਜਰ ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ  ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਵਿੱਚ ਅੱਜ ਵੀ ਲਾਰਵਾ ਮਿਲਣਾ ਜਾਰੀ ਹੈ।ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਹੈ ਕਿ ਅਕਤੂਬਰ ਮਹੀਨੇ ਵਿੱਚ ਥੋੜੀ ਬਹੁਤ ਬਾਰਸ਼ ਨਾਲ ਡੇਂਗੂ ਦੇ ਕੇਸਾਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲਦਾ ਹੈ ਤੇ ਇਹ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਪੂਰਾ ਜ਼ੋਰ ਫੜਦਾ ਹੈ । ਇਸ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਘਰਾਂ ਵਿੱਚ ਟੁੱਟ-ਫੁੱਟੇ ਬਰਤਨਾਂ, ਕੁਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਪਾਣੀ ਦੇ ਖੜੇ ਸਰੋਤਾਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਬਰਨਾਲਾ ਸ਼ਹਿਰ ਦੀ ਟੀਮ ਵਿੱਚ ਜਗਰੂਪ ਸਿੰਘ , ਬਲਜਿੰਦਰ ਸਿੰਘ, ਗੁਸੇਵਕ ਸਿੰਘ,ਗਣੇਸ ਦੱਤ,ਜਸਵਿੰਦਰ ਸਿੰਘ , ਮਨਪ੍ਰੀਤ ਸ਼ਰਮਾ ਅਤੇ ਗੁਲਾਬ ਸਿੰਘ ਆਦਿ ਸਿਹਤ ਕਰਮਚਾਰੀ ਹਾਜਰ ਸਨ।