ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ ਦੀਆਂ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ 'ਤੇ

  • ਸਕੂਲੀ ਬੱਚਿਆਂ ਦੇ ਕਰਵਾਏ ਭਾਸ਼ਣ, ਲੇਖ, ਪੇਟਿੰਗ, ਪੋਸਟਰ ਤੇ ਸੁੰਦਰ ਲਿਖਾਈ ਮੁਕਾਬਲੇ

ਮੋਗਾ, 18 ਅਕਤੂਬਰ : ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਲਈ ਪਿੰਡ ਪੱਧਰੀ ਜਾਗਰੂਕਤਾ ਫੈਲਾਅ ਰਹੀਆਂ ਹਨ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਵਾਤਾਵਰਨ ਪੱਖੀ ਸਬਸਿਡੀ ਯੁਕਤ ਮਸ਼ੀਨਾਂ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਕਤ ਦੀ ਲਗਾਤਾਰਤਾ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਾਜ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ  ਡਾ. ਗੁਰਲਵਲੀਨ ਸਿੰਘ ਸਿੱਧੂ ਵੱਲੋਂ ਬਲਾਕ ਕੋਟ ਈਸੇ ਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਬੱਚਿਆਂ ਦੇ ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਪੇਂਟਿੰਗ, ਪੋਸਟਰ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਚੰਗਾ ਭਾਸ਼ਣ, ਵਧੀਆ ਪੇਂਟਿੰਗ ਅਤੇ ਪੋਸਟਰ ਅਤੇ ਸੋਹਣਾ ਲੇਖ ਅਤੇ ਸੁੰਦਰ ਲਿਖਾਈ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਨਿਵਾਜਿਆ ਗਿਆ। ਇਸ ਪ੍ਰਤੀਯੋਗਤਾ ਵਿੱਚ 120 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਅਤੇ ਬੱਚਿਆਂ ਨੂੰ ਪੈੱਨ ਅਤੇ ਕਾਪੀਆਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਰਾਜਿੰਦਰ ਕੌਰ, ਲੈਕਚਰਾਰ ਸੁਖਦੇਵ ਸਿੰਘ, ਏ.ਟੀ.ਐਮ. ਗਗਨਦੀਪ ਸਿੰਘ ਅਤੇ ਬਾਕੀ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।