ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਕੂਲਾ ਵਿਖੇ ਵਿਦਿਆਰਥੀਆਂ ਰਾਹੀਂ ਜਾਗਰੂਕਤਾ ਗਤੀਵਿਧੀਆਂ ਜਾਰੀ

ਫਾਜਿਲਕਾ 16 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸਕੂਲ ਮੁੱਖੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਵੇਰ ਦੀ ਸਭਾ ਵਿਚ ਲਗਾਤਾਰ ਬਚਿਆਂ/ਵਿਦਿਆਰਥੀਆਂ ਨੂੰ ਪਰਾਲੀ ਦੀ ਰਹਿੰਦ—ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰੇਰਣਾ ਸਰੋਤ ਬਣਨ ਦਾ ਅਹਿਦ ਦਵਾ ਰਹੇ ਹਨ ਤਾਂ ਜ਼ੋ ਇਹ ਵਿਦਿਆਰਥੀ ਘਰ ਜਾ ਕੇ ਆਪਣੇ ਮਾਤਾ—ਪਿਤਾ, ਰਿਸ਼ਤੇਦਾਰ/ਸਕੇ ਸਬੰਧੀਆਂ ਆਪਣੇ ਆਲੇ—ਦੁਆਲੇ ਸਭਨਾ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜਾਗਰੂਕ ਕਰਨ। ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਬੀਰ ਬੱਲ ਨੇ ਦੱਸਿਆ ਕਿ ਸਕੂਲਾਂ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਸਹੁੰ ਚੁਕਾਉਣ ਦਾ ਮਕਸਦ ਹੈ ਕਿ ਬਚਿਆਂ ਦੀ ਗੱਲ ਜਲਦੀ ਸੁਣੀ ਜਾਂਦੀ ਹੈ ਅਤੇ ਮੰਨੀ ਵੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜੀ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਅਗ ਲਗਾਉਣ ਤੋਂ ਰੋਕੇ ਤਾਂ ਜ਼ੋ ਆਉਣ ਵਾਲੀ ਪੀੜ੍ਹੀ  ਵਾਸਤੇ ਸਾਫ—ਸੁਥਰੇ ਵਾਤਾਵਰਣ ਅਤੇ ਬਿਮਾਰੀਆਂ ਮੁਕਤ ਮਾਹੌਲ ਦੀ ਪ੍ਰਾਪਤੀ ਹੋ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਸਵਾਹ ਵਾਲਾ ਅਤੇ ਸਰਕਾਰੀ ਹਾਈ ਸਕੂਲ ਕਟੈਹੜਾ ਦੇ ਵਿਦਿਆਰਥੀਆਂ ਵੱਲੋਂ ਸੱਕਿਟ ਰਾਹੀਂ  ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਗਿਆ।  ਪਰਾਲੀ ਸਾੜਨ ਤੋਂ ਹੋਣ ਦੇ ਮਾੜੇ ਪ੍ਰਭਾਵਾ ਤੋਂ ਜਾਣੂੰ ਕਰਵਾਇਆ ਅਤੇ ਇਸ ਦਾ ਸਹੀ ਇਸਤੇਮਾਲ ਬਾਰੇ ਦੱਸਿਆ।ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਦੀ ਸਹੁੰ ਚੁਕਾਈ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਹੂਆਣਾ ਬੋਦਲਾ ਅਤੇ ਸਰਕਾਰੀ ਮਿਡਲ ਸਕੂਲ ਚੱਕ ਖੀਵਾ ਸਕੂਲਾ ਵਿਖੇ ਪਰਾਲੀ ਨਾ ਸਾੜਨ ਸਬੰਧੀ ਪੋਸਟਰ ਮੇਕਿੰਗ ਜਾਗਰੂਕਤਾ ਮੁਕਾਬਲੇ ਕਰਵਾਏ ਗਏ।