ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਣ ਦੇਣ ਲਈ 22, 23 ਅਤੇ 24 ਸਤੰਬਰ ਨੂੰ ਲੱਗਣਗੇ ਅਸੈਸਮੈਂਟ ਕੈਂਪ 

  • ਲੋੜਵੰਦਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ 

ਸੰਗਰੂਰ, 15 ਸਤੰਬਰ : ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ 22 ਸਤੰਬਰ ਨੂੰ ਗੁਰਦੁਆਰਾ ਸਾਹਿਬ, ਪਿੰਡ ਸਤੌਜ (ਸੁਨਾਮ), 23 ਸਤੰਬਰ ਨੂੰ ਗੁਰਦੁਆਰਾ ਮਹਿਲ ਮੁਬਾਰਕ, ਨਜ਼ਦੀਕ ਸਰਕਾਰੀ ਹਸਪਤਾਲ ਸੰਗਰੂਰ ਅਤੇ 24 ਸਤੰਬਰ ਨੂੰ ਸ਼ਿਵ ਮੰਦਿਰ, ਨਜਦੀਕ ਟਰੱਕ ਯੂਨੀਅਨ, ਭਵਾਨੀਗੜ੍ਹ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਸੈਸਮੈਂਟ ਕੈਂਪ ਲਗਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵ੍ਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ) , ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣਾਂ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਜਾਵੇਗੀ ਜਿਸ ਸਬੰਧੀ ਕੋਈ ਵੀ ਸਹਾਇਕ ਉਪਕਰਣ ਲੈਣ ਲਈ ਜਰੂਰੀ ਢਾਸਤਾਵੇਜ਼ ਮੁਹੱਈਆ ਕਰਵਾਉਣੇ ਪੈਣਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਜਰੂਰੀ ਯੂ.ਡੀ.ਆਈ.ਡੀ. ਕਾਰਡ, ਆਧਾਰ ਕਾਰਡ, ਆਮਦਨ ਦਾ ਸਰਟੀਫਿਕੇਟ 22,000/- ਰੁਪਏ ਤੋਂ ਘੱਟ ਪ੍ਰਤੀ ਮਹੀਨੇ ਦਾ ਸਰਪੰਚ ਜਾਂ  ਐਮ.ਸੀ. ਜਾਂ ਤਹਿਸੀਲਦਾਰ ਤੋਂ ਤਸਦੀਕ ਸ਼ੁਦਾ ਹੋਣਾ ਚਾਹੀਦਾ ਹੈ ਅਤੇ 2 ਪਾਸਪੋਰਟ ਸਾਈਜ ਫੋਟੋ ਅਸੈਸਮੈਂਟ ਕੈਂਪ ਵਿਚ ਨਾਲ ਲੈ ਕੇ ਜ਼ਰੂਰ ਆਉਣ।  ਇਹਨਾਂ ਦਸਤਾਵੇਜ ਤੋਂ ਬਿਨਾਂ ਕਿਸੇ ਵੀ ਲਾਭਪਾਤਰੀ ਦੀ ਅਸੈਸਮੈਂਟ ਨਹੀਂ ਹੋਵੇਗੀ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।