ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰਿਆਂ ਨੇ ਲੁੱਟੇ 7 ਕਰੋੜ 

  • ਪਿੰਡ ਪੰਡੋਰੀ ਲਾਗੇ ਝਾੜੀਆਂ ’ਚ ਖੜ੍ਹੀ ਕੈਸ਼ਵੈਨ ’ਚੋ ਮਿਲੇ ਹਥਿਆਰ  

ਮੁੱਲਾਂਪੁਰ ਦਾਖਾ, 10 ਜੂਨ (ਸਤਵਿੰਦਰ ਸਿੰਘ ਗਿੱਲ) : ਮਹਾਂਨਗਰ ਲੁਧਿਆਣਾ ਦੇ ਫਿਰੋਜਪੁਰ ਰੋਡ ’ਤੇ ਸਥਿਤ ਅਮਨ ਪਾਰਕ ਲਾਗੇ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫਤਰ ’ਚੋਂ ਸ਼ੁੱਕਰਵਾਰ – ਸ਼ਨੀਵਾਰ ਦੀ ਦਰਮਿਆਨੀ  ਰਾਤ ਹਥਿਆਰਬੰਦ ਲੁਟੇਰਿਆਂ ਨੇ ਕਰੋੜਾਂ ਰੁਪਏ ਲੁੱਟ ਲਏ। ਲੁਟੇਰਿਆਂ ਨੇ ਕੰਪਨੀ ਦੇ ਦਫ਼ਤਰ ’ਚ ਮੌਜੂਦ ਕਰਮਚਾਰੀਆਂ ਨੂੰ ਬੰਧਕ ਬਣਾਇਆ ਤੇ ਕੰਪਨੀ ਦੀ ਕੈਸ਼ਵੈਨ ’ਚ ਹੀ ਫਰਾਰ ਹੋ ਗਏ। ਫ਼ਿਲਹਾਲ ਪੁਲਿਸ ਨੂੰ ਮੁੱਲਾਂਪੁਰ ਦਾਖਾ ਲਾਗੇ ਪਿੰਡ ਪੰਡੋਰੀ ਸਾਹਮਣੇ ਬਣੇ ਬੱਸ ਸਟੈਂਡ ਦੇ ਨੇੜੇ ਝਾੜੀਆਂ ਵਿੱਚੋਂ ਕੈਸ਼ਵੈਨ ਮਿਲ ਗਈ ਹੈ, ਜਿਸ ਵਿੱਚੋਂ ਪੁਲਿਸ ਨੂੰ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਜਦਕਿ ਨਕਦੀ ਗਾਇਬ ਹੈ। ਲੁਟੇਰੇ ਜਾਂਦੇ ਜਾਂਦੇ ਦਫ਼ਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ। ਪੁਲਿਸ ਦੇ ਸੂਤਰਾਂ ਮੁਤਾਬਿਕ  ਸ਼ੁੱਕਰਵਾਰ ਤੇ ਸਨਿੱਚਰਵਾਰ ਦੀ ਦਰਮਿਆਨੀ ਰਾਤ ਤਕਰੀਬਨ 2 ਕੁ ਵਜੇ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫ਼ਤਰ ’ਤੇ 10 ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਲੁਟੇਰਿਆਂ ਵਿੱਚੋਂ ਦੋ ਪਿਛਲੇ ਗੇਟ ਰਾਹੀਂ ਅਤੇ ਬਾਕੀ 8 ਮੁੱਖ ਗੇਟ ਰਾਹੀ ਦਫ਼ਤਰ ਅੰਦਰ ਦਾਖਲ ਹੋਏ। ਜਿੱਥੇ ਉਨਾਂ ਦਫ਼ਤਰ ’ਚ ਮੌਜੂਦ 5 ਕਰਚਮਾਰੀਆਂ ਨੂੰ ਹਥਿਆਰਾਂ ਦੀ ਨੋਕ ’ਤੇ ਬੰਧਕ ਬਣਾਇਆ ਅਤੇ ਦਫ਼ਤਰ ’ਚ ਪਈ 7 ਕਰੋੜ ਰੁਪਏ ਦੀ ਨਕਦੀ ਲੁੱਟ ਲਈ।  ਲੁੱਟ ਦੀ ਘਟਨਾਂ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਲੁਟੇਰੇ ਕੰਪਨੀ ਦੀ ਕੈਸ਼ਵੈਨ ਨੂੰ ਮੁੱਲਾਂਪੁਰ ਦਾਖਾ ਨੇੜੇ ਲੁਧਿਆਣਾ-ਫਿਰੋਜਪੁਰ ਰੋਡ ’ਤੇ ਪਿੰਡ ਪੰਡੋਰੀ ਦੇ ਬੱਸ ਅੱਡੇ ਨੇੜੇ ਛੱਡ ਕੇ ਹੋਏ ਰਫੂ ਚੱਕਰ ਹੋ ਗਏ , ਬੰਧਕ ਕਰਮਚਾਰੀਆਂ ਨੇ ਲੁਟੇਰਿਆਂ ਦੇ ਜਾਣ ਤੋਂ ਬਾਅਦ ਲੁੱਟ ਦੀ ਸੂਚਨਾਂ ਪੁਲਿਸ ਨੂੰ ਦਿੱਤੀ। ਜਿਸ ਪਿੱਛੋਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਨੇ ਇਲਾਕੇ ਨੂੰ ਸ਼ੀਲ ਕਰਕੇ ਜਾਂਚ ਆਰੰਭ ਦਿੱਤੀ ਹੈ। ਉੱਧਰ ਦਾਖਾ ਪੁਲਿਸ ਨੂੰ ਕਿਸੇ ਅਗਿਆਤ ਨੇ ਕੈਸ਼ਵੈਨ ਖੜ੍ਹੀ ਹੋਣ ਦੀ ਸੂਚਨਾਂ ਦਿੱਤੀ। ਮੌਕੇ ’ਤੇ ਪੁਲਿਸ ਜਿਲ੍ਹਾ ਜਗਰਾਓ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ, ਡੀ.ਐੱਸ.ਪੀ ਜਸਬਿੰਦਰ ਸਿੰਘ ਖਹਿਰਾ, ਐੱਸ.ਐੱਚ.ਓ ਦਲਜੀਤ ਸਿੰਘ ਗਿੱਲ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਪੁੱਜ ਗਏ। ਜਿਨ੍ਹਾਂ ਨੇ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ, ਫਿੰਗਰ ਪਿ੍ਰੰਟ ਮਾਹਿਰਾਂ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਹੈ। ਕੈਸ਼ਵੈਨ ਵਿੱਚੋਂ ਨਕਦੀ ਗਾਇਬ ਸੀ ਪਰ 2 ਪਿਸਤੌਲ ਬਰਾਮਦ ਹੋਏ ਹਨ। ਜਿਕਰਯੋਗ ਹੈ ਕਿ ਸੀਐੱਮਐੱਸ ਸਕਿਓਰਿਟੀ ਕੰਪਨੀ ਏਟੀਐਮ ਵਿੱਚ ਨਕਦੀ ਜਮਾ ਕਰਵਾਉਂਦੀ ਹੈ। ਜਿਸ ਦੇ ਦਫ਼ਤਰ ’ਚੋਂ ਹੀ ਅੱਜ ਲੁਟੇਰਿਆਂ ਨੇ ਕਰੋੜਾਂ ਰੁਪਏ ਉਡਾ ਲਏ ਹਨ। ਫ਼ਿਲਹਾਲ ਪੁਲਿਸ ਜਾਂਚ ’ਚ ਜੁਟ ਗਈ ਹੈ।