ਫਾਜ਼ਿਲਕਾ ਜ਼ਿਲੇ੍ਹ ਦੀ ਇਕ ਹੋਰ ਧੀ ਨੇ ਵਧਾਇਆ ਮਾਣ, ਪੂਰੇ ਸੂਬੇ ਵਿਚ ਈ.ਟੀ.ਟੀ. ਟੈਸਟ ਵਿਚੋਂ ਹਾਸਲ ਕੀਤਾ ਪਹਿਲਾ ਸਥਾਨ

  • ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦਾ ਨਾਮ ਚਮਕਾਉਣ *ਤੇ ਸੁਮਨ ਨੂੰ ਦਿੱਤੀ ਵਧਾਈ, ਦਫਤਰ ਵਿਖੇ ਕੀਤਾ ਸਨਮਾਨਿਤ
  • ਸੁਮਨ ਜਲਦ ਲਵੇਗੀ ਬਚਿਆਂ ਦੀ ਕਲਾਸ, ਬਚਿਆਂ ਨੂੰ ਵੰਡੇਗੀ ਗਿਆਨ—ਡਿਪਟੀ ਕਮਿਸ਼ਨਰ

ਫਾਜ਼ਿਲਕਾ, .28 ਜੁਲਾਈ : ਈ.ਟੀਟੀ. 5994 ਦੀ ਭਰਤੀ ਵਿਚੋਂ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਫਾਜ਼ਿਲਕਾ ਜ਼ਿਲੇ੍ਹ ਦਾ ਨਾਮ ਚਮਕਾਉਣ ਵਾਲੀ ਸੁਮਨ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਆਪਣੇ ਦਫਤਰ ਵਿਖੇ ਬੁਲਾ ਕੇ ਜਿਥੇ ਵਧਾਈ ਦਿੱਤੀ ਉਥੇ ਦਫਤਰ ਵਿਖੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਸੁਮਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਕਾਮਯਾਬੀ ਦੀ ਸ਼ਲਾਘਾ ਕੀਤੀ, ਦੇ ਨਾਲ—ਨਾਲ ਉਜਵਲ ਭਵਿੱਖ ਦੀ ਕਾਮਨਾ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜ਼ਿਲਕਾ ਦੀ ਇਕ ਹੋਰ ਧੀ ਨੇ ਜ਼ਿਲੇ੍ਹ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਈ.ਟੀਟੀ. 5994 ਟੈਸਟ ਵਿਚੋਂ ਪੂਰੇ ਸੂਬੇ ਵਿਚੋਂ ਸੁਮਨ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਸਟ ਦੀ ਮੁਕੰਮਲ ਪ੍ਰਕਿਰਿਆ ਹੋਣ ਤੋਂ ਬਾਅਦ ਸੁਮਨ ਜਲਦ ਬਚਿਆਂ ਦੀ ਕਲਾਸ ਲਵੇਗੀ ਤੇ ਬਚਿਆਂ ਨੂੰ ਗਿਆਨ ਵੰਡੇਗੀ। ਉਨ੍ਹਾਂ ਕਿਹਾ ਕਿ ਸੁਮਨ ਦੀ ਪ੍ਰਾਪਤੀ ਤੋਂ ਪਤਾ ਲਗਦਾ ਹੈ ਕਿ ਮਿਹਨਤ ਤੇ ਲਗਨ ਨਾਲ ਕੋਈ ਵੀ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਮਲਾਂ ਮਾਰ ਰਹੀਆਂ ਹਨ ਤੇ ਉਚੇ—ਉਚੇ ਮੁਕਾਮਾਂ *ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖੋਂ ਤੇ ਵੱਧੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿਚ ਮਾਹਰਾਂ ਵੱਲੋਂ ਵੱਖ—ਵੱਖ ਕਿਤਿਆਂ ਵਿਚ ਜਾਣ ਲਈ ਤਿਆਰੀ ਕਰਨ ਸਬੰਧੀ ਲੈਕਚਰ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਸੇਧ ਲੈ ਕੇ ਵਿਦਿਆਰਥੀਆਂ ਨੂੰ ਅੱਗੇ ਵੱਧਣਾ ਚਾਹੀਦਾ ਹੈ। ਮੰਡੀ ਹਜੂਰ ਸਿੰਘ ਦੀ ਰਹਿਣ ਵਾਲੀ ਸੁਮਨ ਆਖਦੀ ਹੈ ਕਿ ਉਹ ਖੇਤੀਬਾੜੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਅੰਦਰ ਸ਼ੁਰੂ ਤੋਂ ਹੀ ਕੁਝ ਕਰ ਵਿਖਾਉਣ ਦੀ ਸੋਚ ਸੀ ਜਿਸ ਦੇ ਸਦਕਾ ਉਹ ਪੜ੍ਹਾਈ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੋਈ ਸਖਤ ਮਿਹਨਤ ਕਰਦੀ ਰਹੀ। ਉਸਦਾ ਕਹਿਣਾ ਹੈ ਕਿ ਉਸਦੀ ਸ਼ੁਰੂ ਤੋਂ ਹੀ ਅਧਿਆਪਕਾ ਬਣਨ ਦੀ ਇੱਛਾ ਸੀ ਜਿਸ ਤਹਿਤ ਉਸ ਵੱਲੋਂ ਸਖਤ ਮਿਹਨਤ ਕਰਦਿਆਂ ਪਹਿਲੀ ਵਾਰ *ਚ ਹੀ ਅਧਿਆਪਕ ਭਰਤੀ ਦਾ ਟੈਸਟ ਪਾਸ ਕੀਤਾ ਗਿਆ ਅਤੇ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪਣੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਸ ਸਦਕਾ ਉਸ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ। ਇਸ ਮੌਕੇ ਸੁਮਨ ਦੇ ਪਿਤਾ ਸਵਰਨ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਵਿਸ਼ੇਸ਼ ਤੌਰ *ਤੇ ਨਾਲ ਮੌਜੂਦ ਸਨ।