ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅੰਮ੍ਰਿਤ ਸਰੋਵਰ: ਪਰਨੀਤ ਸ਼ੇਰਗਿੱਲ

  • ਪਿੰਡਾਂ ਦੇ ਕੂੜਾ ਕਰਕਟ ਦੀ ਸੁਚੱਜੀ ਸੰਭਾਲ ਲਈ ਪਿੰਡਾਂ ਚ ਬਣਾਏ ਜਾ ਰਹੇ ਹਨ ਸਾਲਿਡ ਵੇਸਟ ਮੈਨੇਜਮੈਂਟ ਤੇ ਲਿਕੁਅਡ ਵੇਸਟ ਮੈਨੇਜਮੈਂਟ ਪਲਾਂਟ
  • ਮਗਨਰੇਗਾ ਤਹਿਤ ਪਿੰਡਾਂ ਵਿੱਚ ਬਣਾਏ ਜਾ ਰਹੇ ਪਾਰਕਾਂ ਨਾਲ ਪਿੰਡਾਂ ਦੀ ਦਿੱਖ ਬਣੇਗੀ ਖੂਬਸੂਰਤ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਅਮਲੋਹ ਬਲਾਕ ਦੇ ਪਿੰਡ ਟਿੱਬੀ ਤੇ ਅੰਨੀਆਂ ਵਿਖੇ 51.74 ਲੱਖ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਫ਼ਤਹਿਗੜ੍ਹ ਸਾਹਿਬ, 23 ਜੂਨ : ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਮਗਨਰੇਗਾ ਤਹਿਤ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅਮਲੋਹ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅਮਲੋਹ ਬਲਾਕ ਦੇ ਪਿੰਡਾਂ ਵਿੱਚ 20 ਸਾਲਿਡ ਵੇਸਟ ਮੈਨੇਜਮੈਂਟ ਪਲਾਂਟ, 22 ਲਿਕੁਅਡ ਵੇਸਟ ਮੈਨੇਜਮੈਂਟ ਪਲਾਂਟ, 10 ਮਾਡਲ ਖੇਡ ਮੈਦਾਨ ਅਤੇ 15 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਨਾਲ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਟਿੱਬੀ ਵਿਖੇ 38.27 ਲੱਖ ਦੀ ਲਾਗਤ ਅਤੇ ਪਿੰਡ ਅੰਨੀਆਂ ਵਿਖੇ 13.47 ਲੱਖ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਪਿੰਡਾਂ ਦੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਮਿੰਨੀ ਜੰਗਲਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਜਿਥੇ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ ਉਥੇ ਹੀ ਵੱਧ ਤੋਂ ਵੱਧ ਦਰਖਤ ਲਗਾ ਕੇ ਪਿੰਡਾਂ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਪਿੰਡਾਂ ਵਿੱਚ ਘਰਾਂ ਦੇ ਕੂੜਾ ਕਰਕਟ ਦੀ ਸੁਚੱਜੀ ਸੰਭਾਲ ਲਈ ਬਣਾਏ ਜਾ ਰਹੇ ਸਾਲਿਡ ਵੇਸਟ ਤੇ ਲਿਕੁਅਡ ਵੇਸਟ ਮੈਨੇਜਮੈਂਟ ਪਲਾਂਟ ਦਾ ਨਿਰਮਾਣ ਹੋਣ ਨਾਲ ਪਿੰਡਾਂ ਦੇ ਘਰਾਂ ਤੇ ਆਲੇ ਦੁਆਲੇ ਦੀ ਸਾਫ ਸਫਾਈ ਵ ਯਕੀਨੀ ਬਣਾਈ ਜਾ ਸਕੇਗੀ ਅਤੇ ਕੂੜਾ ਕਰਕਟ ਨੂੰ ਵੱਖ-ਵੱਖ ਕਰਕੇ ਆਲੇ ਦੁਆਲੇ ਨੂੰ ਸੰਵਾਰਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਬਣਾਏ ਜਾ ਰਹੇ 10 ਮਾਡਲ ਖੇਡ ਮੈਦਾਨ ਨੌਜਵਾਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਨਗੇ ਅਤੇ ਪਿੰਡਾਂ ਦੇ ਨੌਜਵਾਨ ਆਪਣੀ ਖੇਡ ਪ੍ਰਤਿਭਾ ਨਾਲ ਵੱਡੀਆਂ ਮੱਲ੍ਹਾ ਮਾਰ ਸਕਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆ ਸਹੂਲਤਾਂ ਦੇਣ ਦੇ ਮੰਤਵ ਨਾਲ ਉਸਾਰੇ ਜਾ ਰਹੇ ਪਾਰਕਾਂ ਨਾਲ ਪਿੰਡਾਂ ਦੇ ਲੋਕ ਜਿਥੇ ਸਵੇਰੇ ਤੇ ਸ਼ਾਮ ਨੂੰ ਸੈਰ ਕਰ ਸਕਣਗੇ ਉਥੇ ਹੀ ਸਵੱਛ ਵਾਤਾਵਰਣ ਵਿੱਚ ਬੈਠ ਕੇ ਪਿੰਡਾਂ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਨਵੀਂਆਂ ਸਕੀਮਾਂ ਤੋਂ ਲਾਹਾ ਲੈਣਗੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬੀ.ਡੀ.ਪੀ.ਓ. ਅਮਲੋਹ ਸ਼੍ਰੀ ਮੋਹਿਤ ਕਲਿਆਣ ਨੂੰ ਕਿਹਾ ਕਿ ਪਿੰਡਾਂ ਵਿੱਚ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਵਿਕਾਸ ਕਾਰਜਾਂ ਬਾਰੇ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਮਗਨਰੇਗਾ ਅਧੀਨ ਵੱਧ ਤੋਂ ਵੱਧ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਮਗਨਰੇਗਾ ਅਧੀਨ ਜਿਥੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਉਥੇ ਹੀ ਲੋਕਾਂ ਨੂੰ 100 ਦਿਨ ਦਾ ਸ਼ਰਤੀਆ ਰੋਜ਼ਗਾਰ ਵੀ ਮੁਹੱਈਆ ਹੁੰਦਾ ਹੈ। ਇਸ ਮੌਕੇ ਪਿੰਡ ਟਿੱਬੀ ਦੀ ਸਰਪੰਚ ਸ਼੍ਰੀਮਤੀ ਬਲਵਿੰਦਰ ਕੌਰ, ਪਿੰਡ ਅੰਨੀਆਂ ਦੇ ਸਰਪੰਚ ਸਮਸ਼ੇਰ ਸਿੰਘ, ਪੰਚਾਇਤ ਸਕੱਤਰ ਅਵਿਨਾਸ਼ ਕੁਮਾਰ,  ਖੁਸ਼ਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਪਤਵੰਤੇ ਮੌਜੂਦ ਸਨ।