ਅਮਨਦੀਪ ਸਿੰਘ (ਬਾਬਾ) ਨੇ ਸੰਭਾਲਿਆ ਚੇਅਰਮੈਨ ਮਾਰਕਿਟ ਕਮੇਟੀ ਦਾ ਅਹੁਦਾ

  • ਸਪੀਕਰ ਕੁਲਤਾਰ ਸੰਧਵਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ
  • ਵਿਧਾਇਕ ਸੇਖੋਂ ਅਤੇ ਸਾਬਕਾ ਐਮ.ਪੀ. ਪ੍ਰੋ. ਸਾਧੂ ਸਿੰਘ ਰਹੇ ਵਿਸ਼ੇਸ਼ ਤੌਰ ਤੇ ਹਾਜ਼ਰ

ਫਰੀਦਕੋਟ 4 ਅਗਸਤ : ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਅਮਨਦੀਪ ਸਿੰਘ (ਬਾਬਾ) ਨੇ ਅੱਜ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਸਾਬਕਾ ਐਮ.ਪੀ. ਪ੍ਰੋ. ਸਾਧੂ ਸਿੰਘ, ਇਲਾਕੇ ਦੇ ਸਮੂਹ ਮੁਹੱਤਬਰ ਅਤੇ ਭਾਰੀ ਮਾਤਰਾ ਵਿੱਚ ਪਹੁੰਚੇ ਪ੍ਰਸੰਸ਼ਕਾ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਵਿਧਾਇਕ ਸੇਖੋਂ ਨੇ ਨਵ ਨਿਯੁਕਤ ਚੇਅਰਮੈਨ ਨੂੰ ਵਧਾਈ ਦਿੱਤੀ ਅਤੇ ਇਸ ਖੁਸ਼ੀ ਦੇ ਮੌਕੇ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਮਾਰਕਿਟ ਕਮੇਟੀ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਅਮਨਦੀਪ ਸਿੰਘ ਬਾਬਾ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀ ਭਲਾਈ ਲਈ ਇੱਕ ਬਿਹਤਰੀਨ ਕੜੀ ਦਾ ਕੰਮ ਕਰਨਗੇ ਅਤੇ ਇੰਨਾ ਨੂੰ ਆਉਣ ਵਾਲੀ ਹਰ ਔਕੜ ਨੂੰ ਦੂਰ ਕਰਨ ਵਿੱਚ ਸਹਾਈ ਸਿੱਧ ਹੋਣਗੇ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਨਦੀਪ ਸਿੰਘ ਬਾਬਾ ਨੂੰ ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਬਣਨ ਤੇ ਮੁਬਾਰਕਬਾਦ ਦਿੱਤੀ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਾਬਾ ਆਮ ਆਦਮੀ ਪਾਰਟੀ ਦੇ ਇੱਕ ਸਰਗਰਮ ਮੈਂਬਰ ਵਜੋਂ ਉੱਭਰ ਕੇ ਇੱਕ ਚੰਗੇ ਲੀਡਰ ਵਜੋਂ ਸਾਹਮਣੇ ਆਏ ਹਨ। ਉਨ੍ਹਾਂ ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੂੰ ਉੱਚੇਚੇ ਤੌਰ ਤੇ ਭੇਜ ਕੇ ਵਧਾਈਆਂ ਦਿੱਤੀਆਂ। ਨਵ ਨਿਯੁਕਤ ਚੇਅਰਮੈਨ ਨੇ ਵੀ ਇਸ ਮੌਕੇ ਤੇ ਜਿੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।