ਅਜ਼ਾਦੀ ਪ੍ਰਾਪਤੀ ਲਈ ਸਾਰੇ ਸੰਘਰਸ਼ ਪੰਜਾਬ ਦੀ ਧਰਤੀ ਤੋਂ ਹੀ ਸ਼ੁਰੂ ਹੋਏ : ਲਾਲਜੀਤ ਸਿੰਘ ਭੁੱਲਰ

  • ਕਿਹਾ! ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ੍ਹ
  • ਪਿੰਡ ਢੁੱਡੀਕੇ ਦੇ ਵਿਕਾਸ ਲਈ ਆਪਣੇ ਅਖ਼ਤਿਆਰੀ ਖਾਤੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ
  • 95ਵੇਂ ਬਲੀਦਾਨ ਦਿਵਸ ਮੌਕੇ ਪਿੰਡ ਢੁੱਡੀਕੇ ਵਿਖੇ ਸ਼ਰਧਾ ਅਤੇ ਸਤਿਕਾਰ ਭੇਟ

ਮੋਗਾ, 17 ਨਵੰਬਰ : ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੇ 95ਵੇਂ ਬਲੀਦਾਨ ਦਿਵਸ ਸਬੰਧੀ ਸਮਾਗਮ ਅੱਜ ਉਨਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ। ਜਦਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਮੋਗਾ ਦੇ ਐੱਸ ਡੀ ਐੱਮ ਸ੍ਰ ਸਾਰੰਗ ਪ੍ਰੀਤ ਸਿੰਘ ਔਜਲਾ, ਜੈਨਕੋ ਚੇਅਰਮੈਨ ਸ੍ਰ ਨਵਜੋਤ ਸਿੰਘ ਜਰਗ, ਸ਼੍ਰੀ ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਚੇਅਰਮੈਨ ਸ਼੍ਰੀ ਭੀਮ ਸੈਨ ਅਤੇ ਉਪ ਚੇਅਰਮੈਨ ਸ੍ਰ. ਰਣਜੀਤ ਸਿੰਘ ਧੰਨਾ, ਡੀ ਐਸ ਪੀ ਸ੍ਰ ਮਨਜੀਤ ਸਿੰਘ, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਭੁੱਲਰ ਨੇ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਉੱਤੇ ਪੂਰਾ ਮਾਣ ਹੈ ਕਿ ਅਜ਼ਾਦੀ ਪ੍ਰਾਪਤੀ ਲਈ ਸਾਰੇ ਸੰਘਰਸ਼ ਪੰਜਾਬ ਦੀ ਧਰਤੀ ਤੋਂ ਹੀ ਸ਼ੁਰੂ ਹੋਏ। ਲਾਲਾ ਲਾਜਪਤ ਰਾਏ ਵਰਗੇ ਅਜ਼ਾਦੀ ਪਰਵਾਨਿਆਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅਜ਼ਾਦੀ ਸੰਘਰਸ਼ ਵਿਚ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਜੋ ਕਿ ਸਾਡੇ ਸਾਰਿਆਂ ਲਈ ਬਹੁਤ ਹੀ ਪ੍ਰੇਰਨਾ ਸਰੋਤ ਹੈ। ਸਾਨੂੰ ਇਸ ਤੋਂ ਇਹ ਸਿੱਖ ਮਿਲਦੀ ਹੈ ਕਿ ਸਾਨੂੰ ਆਪਣੇ ਦੇਸ਼ ਦੀ ਸੇਵਾ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ੍ਹ ਹੈ। ਅਜ਼ਾਦੀ ਦਾ ਸੰਘਰਸ਼ ਵਿੱਢਣ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ ਉੱਤੇ ਮਾਣ ਹੈ, ਜਿਨਾਂ ਦੇ ਸਿਰ ’ਤੇ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਲਾਲਾ ਲਾਜਪਤ ਰਾਏ ਜੀ ਜਿੱਥੇ ਮਹਾਨ ਆਜ਼ਾਦੀ ਘੁਲਾਟੀਏ ਸਨ, ਉਥੇ ਹੀ ਉਨਾਂ ਨੂੰ ਸਵਦੇਸ਼ੀ ਲਹਿਰ ਦੇ ਰਹਿਨੁਮਾ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮੌਕੇ ਉਹਨਾਂ ਪਿੰਡ ਢੁੱਡੀਕੇ ਦੇ ਵਿਕਾਸ ਲਈ ਆਪਣੇ ਅਖ਼ਤਿਆਰੀ ਖਾਤੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪਿੰਡ ਢੁੱਡੀਕੇ ਦੀ ਧਰਤੀ ਭਾਗਾਂ ਵਾਲੀ ਹੈ, ਜਿੱਥੇ ਲਾਲਾ ਜੀ ਅਤੇ ਹੋਰ ਕਈ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ। ਉਨਾਂ ਕਿਹਾ ਕਿ ਅਜ਼ਾਦੀ ਸੰਗਰਾਮ ਵਿੱਚ ਉਨਾਂ ਵੱਲੋਂ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਨਾਲ ਅੱਜ ਦੀ ਨੌਜਵਾਨ ਪੀੜੀ ਨੂੰ ਦੇਸ਼ ਭਗਤੀ ਦਾ ਜਜ਼ਬਾ ਕਾਇਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਭਰੋਸਾ ਦਿਵਾਇਆ ਕਿ ਪਿੰਡ ਢੁੱਡੀਕੇ ਦੇ ਵਿਕਾਸ ਕਾਰਜਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਤੋਂ ਪਹਿਲਾਂ ਉਪਰੋਕਤ ਅਤੇ ਹੋਰ ਹਾਜ਼ਰੀਨ ਨੇ ਲਾਲਾ ਜੀ ਦੀ ਬੁੱਤ ਉੱਤੇ ਪਹੁੰਚ ਕੇ ਉਨਾਂ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਉਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਉਨਾਂ ਲਾਇਬਰੇਰੀ ਅਤੇ ਹੋਰ ਇਤਿਹਾਸਕ ਸਥਾਨਾਂ ਨੂੰ ਵੀ ਦੇਖਿਆ। ਇਸ ਉਪਰੰਤ ਉਨਾਂ ਨੇ ਪਿੰਡ ਦੇ ਹੀ ਬਾਕੀ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ ’ਤੇ ਵੀ ਫੁੱਲ ਮਾਲਾਵਾਂ ਭੇਂਟ ਕੀਤੀਆਂ। ਅੰਤ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਵੱਲੋਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ।