ਸਰਫੇਸ ਸੀਡਰ ਲਈ ਸਬਸਿਡੀ ਲਈ ਸਾਰੀਆਂ ਅਰਜੀਆਂ ਪ੍ਰਵਾਨ : ਡਿਪਟੀ ਕਮਿਸ਼ਨਰ

  • ਕਿਸਾਨ ਤੁਰੰਤ ਕਰਨ ਖਰੀਦ

ਫਾਜਿ਼ਲਕਾ, 21 ਅਕਤੂਬਰ : ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨ ਸਰਫੇਸ਼ ਸੀਡਰ ਸਬਸਿਡੀ ਤੇ ਖਰੀਦਣ ਲਈ ਜਿੰਨ੍ਹਾ ਵੀ ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਨੇ ਆਨਲਾਈਨ ਅਰਜੀ ਦਿੱਤੀ ਸੀ, ਉਹ ਸਾਰੀਆਂ ਅਰਜੀਆਂ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਹੁਣ ਕਿਸਾਨ ਇਹ ਮਸ਼ੀਨਾਂ ਜਲਦ ਖਰੀਦ ਕਰ ਲੈਣ, ਤਾਂ ਜ਼ੋ ਇੰਨ੍ਹਾਂ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕੀਤੀ ਜਾ ਸਕੇ।ਸਰਫੇਸ ਸੀਡਰ ਮੁਕਾਬਲਤਨ ਛੋਟੇ ਟਰੈਕਟਰ ਨਾਲ ਚੱਲ ਜਾਂਦੀ ਹੈ ਅਤੇ ਇਕ ਦਿਨ ਵਿਚ ਜਿਆਦਾ ਬਿਜਾਈ ਕਰਦੀ ਹੈ। ਜਿ਼ਲ੍ਹੇ ਵਿਚ ਇਸ ਲਈ 416 ਅਰਜੀਆਂ ਆਈਆਂ ਸਨ ਅਤੇ ਸਾਰੀਆਂ ਹੀ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ। ਇਸ ਮਸ਼ੀਨ ਨਾਲ ਇਕ ਦਿਨ ਵਿਚ ਪਰਾਲੀ ਨੂੰ ਬਿਨ੍ਹਾਂ ਸਾੜੇ ਅਤੇ ਬਿਨ੍ਹਾਂ ਖੇਤ ਵਿਚੋਂ ਚੁਕਾਏ ਇਕ ਦਿਨ ਵਿਚ 15 ਏਕੜ ਤੱਕ ਬਿਜਾਈ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਦੀ ਵਿਧੀ ਨੂੰ ਤਰਜੀਹ ਦੇਣ ਕਿਊਂਕਿ ਜਮੀਨ ਵਿਚ ਪਰਾਲੀ ਮਿਲਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਕਿਉਂਕਿ ਪਰਾਲੀ ਸਾੜਨ ਨਾਲ ਜਮੀਨ ਦੇ ਜਰੂਰੀ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਇਸ ਨਾਲ ਸਾਡੀ ਜਮੀਨ ਹੌਲੀ ਹੌਲੀ ਬੰਜਰ ਹੋਣ ਲੱਗਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਅਤੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ ਨੇ ਕਿਹਾ ਕਿ ਹੈ ਕਿ ਸਰਫੇਸ ਸੀਡਰ ਲਈ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਅਤੇ ਪੰਚਾਇਤਾਂ, ਸਮੂਹਾਂ ਤੇ ਸਹਿਕਾਰੀ ਸਭਾਵਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸੈਕਸਨ ਪੱਤਰ ਆਨਲਾਈਨ ਪੋਰਟਲ ਤੇ ਜਾਰੀ ਕਰ ਦਿੱਤੇ ਹਨ ਅਤੇ ਕਿਸਾਨ 29 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਮਸ਼ੀਨ ਖਰੀਦ ਕਰ ਲੈਣ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ