ਖੇਤੀਬਾੜੀ ਮੰਤਰੀ ਖੁੱਡੀਆਂ ਨੇ ਲੋਕਾਂ ਨਾਲ ਕੀਤੀ ਮਿਲਣੀ

ਫਰੀਦਕੋਟ 15 ਅਗਸਤ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਗ੍ਰਹਿ ਵਿਖੇ ਪੁੱਜ ਕਿ ਲੋਕਾਂ ਨਾਲ ਗੱਲਬਾਤ ਕੀਤੀ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨੀ ਭਾਰੀ ਬਾਰਿਸ਼ ਹੋਈ ਸੀ ਜੋ ਕਿ ਹੜ੍ਹਾਂ ਦਾ ਰੂਪ ਧਾਰਨ ਕਰ ਗਈ ਸੀ। ਜਿਸ ਵਿੱਚ ਅਨੁਮਾਨ ਅਨੁਸਾਰ 1400 ਕਰੋੜ ਦੇ ਕਰੀਬ ਨੁਕਸਾਨ ਹੋਇਆ ਹੈ। ਉਸ ਸਮੇਂ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਸੀ,ਜਿਸ ਵਿੱਚ ਜਾਨੀ, ਮਾਲੀ ਨੁਕਸਾਨ ਤੋਂ ਇਲਾਵਾ ਫ਼ਸਲਾਂ ਦਾ ਬੇਤਹਾਸ਼ਾ ਨੁਕਸਾਨ ਹੋਇਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਪ੍ਰਾਈਵੇਟ ਸੰਸਥਾਵਾਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਮੁਫ਼ਤ ਪਨੀਰੀਆਂ ਵੰਡ ਕੇ ਕਿਸਾਨਾਂ ਨੂੰ ਮੁੜ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਪਸ਼ੂਆਂ ਦਾ ਜਿੰਨਾਂ ਵੀ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਡ-ਵਡੇਰਿਆਂ ਨੇ ਦੇਸ਼ ਦੀ ਆਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਲੋਕਾਂ ਦੀ ਭੁੱਖ ਮਰੀ ਖਤਮ ਕੀਤੀ ਸੀ। ਉਨ੍ਹਾਂ ਕਿਹਾ ਕਿ  ਭਾਰਤ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਜਾ ਰਹੇ ਬੱਚਿਆਂ ਦੀ ਮਰਜ਼ੀ ਨੂੰ ਉਹ ਰੋਕ ਤਾਂ ਨਹੀਂ ਸਕਦੇ ਪਰ ਆਪਣੀਆਂ ਜਮੀਨਾਂ ਵੇਚ ਕੇ 35-40 ਲੱਖ ਰੁਪਏ ਲਗਾ ਕੇ ਬਾਹਰ ਜਾਣਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਪੈਸੇ ਨਾਲ ਇੱਥੇ ਵੀ ਕੋਈ ਕਾਰੋਬਾਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਛੋਟੇ ਜਿਮੀਂਦਾਰ, ਪਸ਼ੂ ਪਾਲਣ, ਮੁਰਗੀ ਪਾਲਣ ਵਰਗੇ ਧੰਦੇ ਅਪਣਾਉਣ। ਉਨ੍ਹਾਂ ਕਿਹਾ ਕਿ ਦੋ ਤੋਂ ਢਾਈ ਲੱਖ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੱਛੀ ਪਾਲਣ ਵਿਚੋਂ ਮਿਲਦਾ ਹੈ।