ਖੇਤੀਬਾੜੀ ਵਿਭਾਗ ਵੱਲੋ ਪਿੰਡ ਮਨਾਵਾਂ ਵਿਖੇ ਪਰਾਲੀ ਨਾ ਸਾੜਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

  • ਕਿਸਾਨਾਂ ਨੂੰ ਬੇਲਰ, ਸੁਪਰਸੀਡਰ, ਹੈਪੀਸੀਡਰ, ਮਲਚਰ ਆਦਿ ਵਾਤਾਵਰਨ ਪੱਖੀ ਮਸ਼ੀਨਾਂ ਦੀ ਵਰਤੋਂ ਬਾਰੇ ਦੱਸਿਆ

ਮੋਗਾ, 3 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਭਲਾਈ ਤੇ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਕੋਟ ਈਸੇ ਖਾਂ ਡਾ. ਗੁਰਬਾਜ ਸਿੰਘ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੱਲੋ ਪਿੰਡ ਮਨਾਵਾ ਵਿਖੇ ਕਿਸਾਨ ਜਾਗਰੁਕਤਾ ਕੈਪ ਲਗਾਇਆ ਗਿਆ। ਕੈਂਪ ਵਿੱਚ ਡਾ. ਗੁਰਬਾਜ ਸਿੰਘ ਨੇ ਕਿਸਾਨਾਂ ਨੂੰ ਝੋਨੇ, ਕਣਕ ਦੀ ਫ਼ਸਲ ਵਿੱਚ ਆੳਣ ਵਾਲੀਆਂ ਬਿਮਾਰੀਆ ਬਾਰੇ ਦੱਸਿਆ ਅਤੇ ਬੇਲੋੜੀਆਂ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹਵਾ ਦੇ ਦੂਸ਼ਿਤ ਹੋਣ ਬਾਰੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਬਾਰੇ ਦੱਸਦੇ ਹੋਏ ਝੋਨੇ ਦੀ ਪਰਾਲੀ ਨੂੰ ਬਿਨਾ ਸਾੜੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਬੇਲਰ, ਸੁਪਰਸੀਡਰ, ਹੈਪੀਸੀਡਰ, ਮਲਚਰ ਆਦਿ ਦੀ ਵਰਤੋਂ ਬਾਰੇ ਦੱਸਿਆ। ਕਿਸਾਨਾਂ ਨੂੰ ਸਮੈਮ, ਸੀ.ਡੀ.ਪੀ ਅਤੇ ਸੀ.ਆਰ.ਐਮ ਸਕੀਮ ਅਧੀਨ ਪਰਾਲੀ ਸਾਂਭਣ ਲਈ ਖੇਤੀਬਾੜੀ ਮਸ਼ੀਨਰੀ 'ਤੇ ਮਿਲਣ ਵਾਲੀ ਸਬਸਿਡੀ ਬਾਰੇ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾਂਭਣ ਲਈ ਸਰਫੇਸ ਸੀਡਰ ਮਸ਼ੀਨਰੀ ਦੀ ਵਰਤੋਂ ਕਰਨ ਬਾਰੇ ਜ਼ੋਰ ਦਿੱਤਾ। ਇਸ ਮੌਕੇ ਗਗਨਦੀਪ ਸਿੰਘ ਏ.ਟੀ.ਐਮ ਨੇ ਕਿਸਾਨਾਂ ਨੰ ਖੇਤੀ ਸਹਾਇਕ ਧੰਦੇ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ-ਨਿਧੀ ਯੋਜਨਾ ਦਾ ਲੈ ਰਹੇ ਕਿਸਾਨਾਂ ਨੂੰ ਈ.ਕੇ.ਵਾਈ.ਸੀ ਕਰਵਾੳਣ ਲਈ ਕਿਹਾ। ਇਸ ਮੌਕੇ ਅਜਮੇਰ ਸਿੰਘ, ਅਮਨਦੀਪ ਸਿੰਘ, ਰੇਸ਼ਮ ਸਿੰਘ, ਜੁਗਰਾਜ ਸਿੰਘ, ਅਮਰਜੀਤ ਸਿੰਘ ਆਦਿ ਕਿਸਾਨ ਹਾਜਰ ਸਨ।