ਖੇਤੀਬਾੜੀ ਵਿਭਾਗ ਨੇ ਮਸ਼ੀਨਰੀ ਸਬੰਧੀ ਲਗਵਾਏ ਬੋਰਡ, ਸਥਾਪਿਤ ਕੀਤੇ ਹੈਲਪ ਡੈਸਕ

ਫਰੀਦਕੋਟ 25 ਅਕਤੂਬਰ : ਝੋਨੇ ਅਤੇ ਬਾਸਮਤੀ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪਰਾਲੀ ਨਾ ਸਾੜਨ ਸਬੰਧੀ ਮੁਹਿੰਮ ਵੀ ਜੋਰਾਂ ਤੇ ਚੱਲ ਰਹੀ ਹੈ। ਇਸੇ ਹੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਜਿਲ੍ਹੇ ਦੀਆਂ ਸਾਰੀਆਂ 79 ਸਹਿਕਾਰੀ ਸਭਾਵਾਂ ਵਿੱਚ ਸਬਸਿਡੀ ਤੇ ਦਿੱਤੀ ਗਈ ਮਸ਼ੀਨਰੀ ਅਤੇ ਕਿਰਾਏ ਦੇ ਸਰਕਾਰੀ ਰੇਟਾਂ ਸਬੰਧੀ ਜਾਣਕਾਰੀ ਦਰਸਾਉਂਦੇ ਹੋਏ ਫਲੈਕਸ ਬੋਰਡ ਲਗਵਾਏ ਜਾ ਚੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਬੋਰਡਾਂ ਨਾਲ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਕਿਰਾਏ ਤੇ ਲੈਣੀ ਸੌਖੀ ਹੋ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਿਕ ਮਸ਼ੀਨਰੀ ਕਿਰਾਏ ਤੇ ਨਾ ਦੇਣ ਵਾਲੇ ਕਿਸਾਨਾਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਨੇ ਇਹ ਦੱਸਿਆ ਕਿ ਇਹ ਬੋਰਡ ਆਰ.ਜੀ.ਆਰ ਸੈੱਲ(ਟਾਟਾ ਟਰੱਸਟ) ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਹਨ ਅਤੇ ਕਿਸਾਨਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਜਿਲ੍ਹੇ ਵਿੱਚ ਚਾਰ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਹੈਲਪਡੈਸਕ ਨੰਬਰ 9465108714(ਸਾਦਿਕ), 9780975165(ਫਰੀਦਕੋਟ), 8262980902(ਕੋਟਕਪੂਰਾ) ਅਤੇ 9872321231(ਜੈਤੋ) ਤੇ ਸੰਪਰਕ ਕਰ ਸਕਦੇ ਹਨ। ਕਿਸਾਨ ਕਿਰਾਏ ਤੇ ਮਸ਼ੀਨਰੀ ਆਈ ਖੇਤ ਐਪ ਰਾਹੀਂ ਵੀ ਬੁੱਕ ਕਰ ਸਕਦੇ ਹਨ।