ਪਲਾਸਟਿਕ ਵਿਰੋਧੀ ਮੁਹਿੰਮ ਮਗਰੋਂ ਪਿੰਡ ਭੈਣੀ ਮਹਿਰਾਜ ਨੇ ਪੁੱਟੀਆਂ 'ਨਵੀਆਂ ਪੁਲਾਂਘਾਂ' 

  • ਹਰ ਸਾਲ ਨਵ ਜੰਮੀਆਂ ਧੀਆਂ ਨੂੰ ਅਤੇ ਕੁੜੀਆਂ ਦੇ ਵਿਆਹ ਮੌਕੇ ਸ਼ਗਨ ਦੇਣ ਦੀ ਪਿਰਤ ਪਾਈ
  • ਡਿਪਟੀ ਕਮਿਸ਼ਨਰ ਨੇ ਕੀਤੀ ਮੁਹਿੰਮ ਦੀ ਸ਼ੁਰੂਆਤ, 8 ਨਵ-ਜੰਮੀਆਂ ਧੀਆਂ ਨੂੰ ਸਮਾਜ ਸੇਵੀਆਂ ਨੇ ਦਿੱਤਾ ਸ਼ਗਨ 
  • ਹੋਣਹਾਰ ਵਿਦਿਆਰਥੀਆਂ ਦਾ ਵੀ ਕੀਤਾ ਰਾਸ਼ੀ ਨਾਲ ਸਨਮਾਨ 
  • ਸਾਬਕਾ ਖੇਤੀ ਕਮਿਸ਼ਨਰ ਡਾ. ਗੁਰਬਚਨ ਸਿੰਘ ਨੇ ਕੀਤੀ ਸ਼ਿਰਕਤ, ਪਿੰਡ ਦੇ ਉੱਦਮ ਦੀ ਸ਼ਲਾਘਾ

ਬਰਨਾਲਾ, 23 ਅਗਸਤ : ਪਿੰਡ ਭੈਣੀ ਮਹਿਰਾਜ ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ Meet Hayer ਦੀ ਸੋਚ ਸਦਕਾ ਅਤੇ ਗ੍ਰਾਮ ਪੰਚਾਇਤ ਭੈਣੀ ਮਹਿਰਾਜ ਅਤੇ ਗੁਰੂ ਤੇਗ ਬਹਾਦਰ ਟੀਮ ਦੇ ਸਹਿਯੋਗ ਸਦਕਾ ਅੱਜ ਨਿਵੇਕਲੀ ਮੁਹਿੰਮ 'ਨਵੀਆਂ ਪੁਲਾਂਘਾਂ' ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਕੀਤੀ ਗਈ ਹੈ, ਜਿਸ ਤਹਿਤ ਪਿੰਡ ਦੇ ਲੋੜਵੰਦ ਘਰਾਂ ਦੀਆਂ ਧੀਆਂ ਵਾਸਤੇ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਇਕ ਪ੍ਰਭਾਵਸ਼ਾਲੀ ਸਮਾਗਮ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਮਾਤਾ ਜੀਤੋ ਜੀ ਕੰਨਿਆ ਸਮ੍ਰਿਤੀ ਯੋਜਨਾ ਦਾ ਆਗਾਜ਼ ਕੀਤਾ ਗਿਆ, ਓਥੇ ਮਾਤਾ ਗੁਜਰੀ ਜੀ ਸ਼ਗਨ ਸਕੀਮ ਦਾ ਆਗਾਜ਼ ਵੀ ਕੀਤਾ ਗਿਆ। ਮਾਤਾ ਜੀਤੋ ਜੀ ਕੰਨਿਆ ਸਮ੍ਰਿਤੀ ਯੋਜਨਾ ਤਹਿਤ ਨਵ ਜੰਮੀਆਂ 8 ਧੀਆਂ ਨੂੰ 2100-2100 ਰੁਪਏ ਅਮਰ ਸਿੰਘ ਸਰਾਓ ਅਤੇ ਗੁਰਜੰਟ ਸਿੰਘ ਮਾਨ ਵਲੋਂ ਦਿੱਤੇ ਗਏ ਤੇ ਇਸ ਸਕੀਮ ਤਹਿਤ ਲੋੜਵੰਦ ਘਰਾਂ ਦੀਆਂ ਧੀਆਂ ਨੂੰ ਹਰ ਸਾਲ ਸ਼ਗਨ ਦਿੱਤਾ ਜਾਵੇਗਾ, ਜੋ ਕਿ ਪ੍ਰਤੀ ਬੇਟੀ 10 ਸਾਲ ਲਗਾਤਾਰ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਪਹਿਲੇ ਸਾਲ 2100 ਅਤੇ ਅਗਲੇ 9 ਸਾਲ 1000-1000 ਰੁਪਏ ਸ਼ਗਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮਾਤਾ ਗੁਜਰੀ ਜੀ ਸ਼ਗਨ ਸਕੀਮ ਤਹਿਤ ਧੀਆਂ ਦੇ ਵਿਆਹ ਮੌਕੇ 5100 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਪਿੰਡ ਭੈਣੀ ਮਹਿਰਾਜ ਹੋਰਨਾਂ ਪਿੰਡਾਂ ਲਈ ਰਾਹ ਦਸੇਰਾ ਬਣ ਕੇ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਵਾਸੀਆਂ ਨੇ ਪਲਾਸਟਿਕ ਬਦਲੇ ਗੁੜ ਦੇਣ ਦੀ ਮੁਹਿੰਮ ਚਲਾ ਕੇ ਵਾਤਾਵਰਣ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ ਅਤੇ ਹੁਣ ਪਿੰਡ ਦੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਨਵ ਜੰਮੀਆਂ ਧੀਆਂ ਨੂੰ ਸ਼ਗਨ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਮਾਪਿਆਂ ਨੂੰ ਸਹਾਰਾ ਦਿੱਤਾ ਹੈ। ਇਸ ਤੋਂ ਇਲਾਵਾ ਵੈਲਫੇਅਰ ਸੋਸਾਇਟੀ ਫਾਰ ਸਟੂਡੈਂਟਸ ਵਲੋਂ ਹੋਣਹਾਰ 10 ਵਿਦਿਆਰਥੀਆਂ ਦਾ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਸਾਬਕਾ ਖੇਤੀ ਕਮਿਸ਼ਨਰ ਭਾਰਤ ਸਰਕਾਰ ਡਾ. ਗੁਰਬਚਨ ਸਿੰਘ ਨੇ ਵਿਸ਼ੇਸ਼ ਸ਼ਿਰਕਤ ਤੌਰ ਉੱਤੇ ਸ਼ਿਰਕਤ ਕੀਤੀ। ਪਿੰਡ ਭੈਣੀ ਮਹਿਰਾਜ ਦੇ ਰਹਿਣ ਵਾਲੇ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੇ ਪਿੰਡ ਦੇ ਸਕੂਲ 'ਚੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਫੇਰ ਅੱਗੇ ਪੜ੍ਹਾਈ ਕਰਕੇ ਭਾਰਤ ਸਰਕਾਰ ਦੇ ਵੱਖ ਵੱਖ ਅਦਾਰਿਆਂ ਵਿਚ ਖੇਤੀਬਾੜੀ ਖੇਤਰ ਵਿਚ ਕੰਮ ਕੀਤਾ। ਆਪਣੇ 44 ਸਾਲ ਦੇ ਖੇਤੀਬਾੜੀ ਨਾਲ ਸਬੰਧਿਤ ਤਜਰਬੇ 'ਚ ਉਨ੍ਹਾਂ ਨੇ ਪਾਣੀ ਬਚਾਉਣ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਉੱਤੇ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਡਿਸਪੈਂਸਰੀ ਸ਼ੁਰੂ ਕਰਨ 'ਤੇ ਕੰਮ ਕਰ ਰਹੇ ਹਨ, ਜਿੱਥੇ ਪਿੰਡ ਵਾਸੀਆਂ ਨੂੰ ਲੈਬ ਟੈਸਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਮੌਕੇ ਜਲ ਸਰੋਤ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਓ.ਐੱਸ.ਡੀ ਹਸਨਪ੍ਰੀਤ ਭਾਰਦਵਾਜ ਸ਼ਾਮਲ ਹੋਏ ਜਿਨ੍ਹਾਂ ਪਿੰਡ ਦੇ ਉੱਦਮ ਦੀ ਸ਼ਲਾਘਾ ਕੀਤੀ ਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਦੀਵਾਨਾ ਦਾ ਨਾਟਕ (ਅਵੇਸਲੇ ਯੁੱਧਾਂ ਦੀ ਨਾਇਕਾ) ਵੀ ਖੇਡਿਆ ਗਿਆ।  ਇਸ ਮੌਕੇ ਬੀ.ਡੀ.ਪੀ. ਓ ਸੁਖਦੀਪ ਸਿੰਘ, ਵੀ.ਡੀ.ਓ ਪਰਮਜੀਤ ਸਿੰਘ ਭੁੱਲਰ, ਸਵਰਨ ਸਿੰਘ ਵੀ.ਡੀ.ਓ, ਮੈਡਮ ਅਮਰਜੀਤ ਕੌਰ ਮੋਹਾਲੀ, ਬਲਜੀਤ ਕੌਰ ਮੁੱਖ ਅਧਿਆਪਕਾ, ਗੁਰਜੰਟ ਸਿੰਘ ਮਾਨ, ਗਗਨਦੀਪ ਸਿੰਘ ਢਿੱਲੋਂ, ਜਤਿੰਦਰ ਸਿੰਘ ਢਿੱਲ਼ੋਂ, ਕੇਸਰ ਸਿੰਘ, ਡਾ. ਨਛੱਤਰ ਸਿੰਘ, ਮੈਡਮ ਖੁਸ਼ਵੰਤ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ।