ਰਾਤ 10 ਵਜੇ ਤੋਂ ਬਾਅਦ ਆਵਾਜ਼ ਪ੍ਰਦੂਸ਼ਣ ਕਰਨ ਵਾਲਿਆ ਤੇ ਹੋਵੇਗਾ 188 ਆਈ.ਪੀ.ਸੀ ਤਹਿਤ ਪਰਚਾ ਦਰਜ

  • ਸਮੂਹ ਐਸ.ਡੀ.ਐਮ ਇਲਾਕੇ ਦੇ ਡੀ.ਐਸ.ਪੀ ਨਾਲ ਮਿਲ ਕੇ ਕਾਰਵਾਈ ਅਮਲ ਵਿੱਚ ਲਿਆਉਣ-ਡੀ.ਸੀ. ਫਰੀਦਕੋਟ
  • ਸਕੂਲਾਂ, ਹਸਪਤਾਲਾਂ  ਅਤੇ ਕੋਰਟ ਦੇ 100 ਮੀਟਰ ਦਾ ਘੇਰਾ ਹੋਵੇਗਾ ਸਾਈਲੈਂਸ ਜੋਨ

ਫਰੀਦਕੋਟ 26 ਜੁਲਾਈ : ਰਾਤ ਵੇਲੇ ਲਾਊਡ ਸਪੀਕਰਾਂ ਰਾਹੀਂ ਸ਼ਹਿਰੀ ਅਤੇ ਪੇਂਡੂ ਇਲਾਕੇ ਦੀ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ ਹੁਣ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਸਮੂਹ ਐਸ.ਡੀ.ਐਮਜ਼ ਨੂੰ ਲਿਖਤੀ ਹਦਾਇਤ ਕਰਦਿਆਂ ਕਿਹਾ ਗਿਆ ਹੈ ਕਿ ਆਪਣੇ ਇਲਾਕੇ ਦੇ ਡੀ.ਐਸ.ਪੀ ਨਾਲ ਤਾਲਮੇਲ ਕਰਕੇ ਕਾਰਵਾਈ ਵਿੱਢੀ ਜਾਵੇ।  ਇਸ ਦੇ ਨਾਲ ਹੀ ਬੱਸਾਂ ਅਤੇ ਤਿੰਨ ਪਹੀਆਂ ਵਾਲੇ ਮੋਟਰ ਚਾਲਕਾਂ ਦੀ ਤੇਜ਼ ਰਫਤਾਰੀ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਮੂਹ ਐਸ.ਡੀ.ਐਮਜ਼ ਆਪਣੇ ਇਲਾਕੇ ਦੇ ਸਬੰਧਤ ਡੀ.ਜੇ ਫਰਮਾਂ, ਮੈਰੇਜ ਪੈਲੇਸਾਂ ਅਤੇ ਹੋਟਲ ਮਾਲਕਾਂ ਦੇ ਨਾਲ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਨੂੰ ਇਸ ਮੁੱਦੇ ਤੇ ਆਮ ਲੋਕਾਂ, ਬਜ਼ੁਰਗਾਂ, ਬੱਚਿਆਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਹਿਯੋਗ ਦੇਣ ਦੀ ਅਪੀਲ ਕਰਨ। ਇਸ ਸਬੰਧੀ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਦਲਜੀਤ ਸਿੰਘ ਨੇ ਦੱਸਿਆ ਕਿ  ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ  ਕੀਤੇ ਗਏ ਫੈਸਲੇ ਅਨੁਸਾਰ  ਸ਼ਹਿਰ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਇੰਡਸਟੀਰੀਅਲ, ਕਮਰਸ਼ੀਅਲ, ਰੈਂਜੀਡੈਂਸ਼ਲ ਅਤ ਸਾਈਲੈਂਸ ਜੋਨ ਸ਼ਾਮਿਲ ਹਨ। ਸਾਈਲੈਂਸ ਜੋਨ ਵਿੱਚ ਸਕੂਲ, ਹਸਪਤਾਲ ਅਤੇ ਕਚਹਿਰੀਆਂ ਦਾ ਨਾਲ ਲੱਗਦਾ 100 ਮੀਟਰ ਦਾ ਘੇਰਾ ਹੈ।ਇਸ ਫੈਸਲੇ ਅਨੁਸਾਰ ਜਿੱਥੇ ਇਨ੍ਹਾਂ ਅਦਾਰਿਆਂ ਵੱਲੋਂ ਆਪਣੀਆਂ ਇਮਾਰਤਾਂ ਤੇ ਜਿੱਥੇ ਸਾਈਲੈਂਜ ਜੋਨ ਦੇ ਨੋਟਿਸ ਬੋਰਡ ਲਗਾਏ ਜਾਣ ਦੀ ਤਜਵੀਜ਼ ਹੈ, ਉੱਥੇ ਨਾਲ ਹੀ ਹਰ ਆਮ ਅਤੇ ਖਾਸ ਨੂੰ ਹਦਾਇਤ ਹੈ ਕਿ ਉਹ ਇਮਾਰਤਾਂ ਦੇ ਉਸਾਰੀਕਰਨ, ਗੱਡੀਆਂ ਦੇ ਹਾਰਨ, ਪਟਾਖੇ ਜਾਂ ਲਾਊਡ ਸਪੀਕਰਾਂ ਰਾਹੀਂ ਆਵਾਜ਼ ਪ੍ਰਦੂਸ਼ਣ ਨਾ ਕਰਨ। ਇਸ ਤੋਂ ਇਲਾਵਾ ਸਬੰਧਤ ਐਸ.ਡੀ.ਐਮ ਦਫਤਰ ਤੋਂ ਲਿਖਤੀ ਪ੍ਰਵਾਨਗੀ ਤੋਂ ਬਿਨ੍ਹਾ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਲਾਊਂਡ ਸਪੀਕਰਾਂ ਰਾਹੀਂ ਸਮਾਜਿਕ ਜਾਂ ਵਿਆਹ ਦੇ ਸਮਾਗਮਾਂ ਦੌਰਾਨ ਲਾਊਂਡ ਸਪੀਕਰ ਦਾ ਇਸਤੇਮਾਲ ਕਰਨ ਵਾਲਿਆਂ ਤੇ ਧਾਰਾ 188 ਆਈ.ਪੀ.ਸੀ. ਦੀ ਧਾਰਾ ਦੇ ਤਹਿਤ ਪਰਚਾ ਦਰਜ ਹੋਵੇਗਾ।  ਉਨ੍ਹਾਂ ਦੱਸਿਆ ਕਿ ਬੱਚਿਆ ਦੇ ਬੋਰਡ ਦੇ ਪੇਪਰਾਂ ਦੌਰਾਨ ਖੁੱਲ੍ਹੇ ਏਰੀਏ ਵਿੱਚ ਲਾਊਡ ਸਪੀਕਰ ਲਗਾਉਣ ਤੇ ਮਨਾਹੀ ਹੋਵੇਗੀ। ਇਹ ਮਨਾਹੀ ਪੇਪਰਾਂ ( ਬੋਰਡ, ਸੈਕੰਡਰੀ, ਸੀਨੀਅਰ ਸੈਕੰਡਰੀ, ਜੇ.ਈ.ਟੀ  ਅਤੇ ਹੋਰ ਕੰਪੀਟੀਸ਼ਨ ਆਦਿ ਪੇਪਰਾਂ) ਤੋਂ 3 ਦਿਨ ਪਹਿਲਾਂ ਤੋਂ ਸ਼ੁਰੂ ਹੋ ਕੇ ਪੇਪਰ ਖਤਮ ਹੋਣ ਤੱਕ ਜਾਰੀ ਰਹੇਗੀ।  ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੰਡਸਟਰੀਅਲ ਏਰੀਏ ਵਿੱਚ ਆਵਾਜ ਦਿਨ ਵੇਲੇ 75 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 70 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਕਮਰਸ਼ੀਅਲ ਏਰੀਏ ਵਿੱਚ ਆਵਾਜ ਦਿਨ ਵੇਲੇ 65 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 55 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਰੈਜੀਡੈਂਸ਼ਿਅਲ ਏਰੀਏ ਵਿੱਚ ਆਵਾਜ ਦਿਨ ਵੇਲੇ 55 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 45 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਸਾਈਲੈਂਸ ਜੋਨ ਵਿੱਚ ਆਵਾਜ ਦਿਨ ਵੇਲੇ 50 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਰਾਤ ਵੇਲੇ 40 ਡੈਸੀਬਲ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ।