ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਸਿਧੀ ਬਿਜਾਈ ਲਈ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਕਰਨ ਦੀ ਸਲਾਹ

ਫਾਜ਼ਿਲਕਾ, 7 ਨਵੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵਾਤਾਵਰਣ ਦੀ ਰੱਖਿਆ ਅਤੇ ਆਵਾ ਹਵਾ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਵਾਰ ਵਾਰ ਕਿਸਾਨ ਵੀਰਾਂ ਨੁੰ ਅਪੀਲ ਕੀਤੀ ਕਿ ਪਰਾਲੀ ਨੁੰ ਅੱਗ ਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਸਬਸਿਡੀ *ਤੇ ਮੁਹੱਈਆ ਕਰਵਾਈਆਂ ਖੇਤੀਬਾੜੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਜ਼ੋ ਪਰਾਲੀ ਦਾ ਪ੍ਰਦੂਸ਼ਨ ਮੁਕਤ ਵਿਧੀ ਰਾਹੀਂ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਨੁੰ ਅੱਗ ਨਾ ਲਗਾ ਕੇ ਇਸਨੂੰ ਖੇਤੀਬਾੜੀ ਸੰਦਾਂ ਰਾਹੀਂ ਜਮੀਨ ਵਿਚ ਹੀ ਨਿਪਟਾਰਾ ਕਰਨ ਦੀ ਤਰਜੀਹ ਕਰਨੀ ਚਾਹੀਦੀ ਹੈ। ਖੇਤੀਬਾੜੀ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਅਤੇ ਖੇਤੀਬਾੜੀ ਇੰਜੀਨੀਅਰ ਕਮਲ ਗੋਇਲ ਨੇ ਦੱਸਿਆ ਕਿ ਝੋਨੇ ਦੇ ਵੱਢ ਵਿਚ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਸਿਧੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਹੈਪੀ ਸੀਡਰ ਮਸ਼ੀਨ ਵਿਕਸਿਤ ਕੀਤੀ ਗਈ ਹੈ। ਇਸ ਨਾਲ ਕਣਕ ਦੀ ਬਿਜਾਈ ਬਿਨਾਂ ਪਰਾਲੀ ਸਾੜੇ ਹੋ ਜਾਂਦੀ ਹੈ। ਇਸ ਮਸ਼ੀਨ ਵਿਚ ਫਲੇਲ ਕਿਸਮ ਦੇ ਬਲੇਡ ਲਗੇ ਹੋਏ ਹਨ ਜ਼ੋ ਕਿ ਡਰਿਲ ਦੇ ਬਿਜਾਈ ਕਰਨ ਫਾਲੇ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿਛੇ ਵੱਲ ਧੰਕਦੇ ਹਨ, ਜਿਸ ਨਾਲ ਮਸ਼ੀਨ ਦੇ ਫਾਲਿਆਂ ਵਿਚ ਪਰਾਲੀ ਨਹੀ ਫਸਦੀ ਅਤੇ ਬੀਜ ਸਹੀ ਤਰੀਕੇ ਨਾਲ ਪੋਰਿਆ ਜਾਂਦਾ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਦਾ ਫਾਇਦਾ ਇਹ ਵੀ ਹੈ ਕਿ ਕਣਕ ਦੀ ਫਸਲ ਵਿਚ ਨਦੀਨ ਵੀ 50 ਤੋਂ 60 ਫੀਸਦੀ ਘਟ ਉਗਦੇ ਹਨ, ਬਿਜਾਈ ਤੋਂ ਪਹਿਲਾਂ ਰੌਣੀ ਲਈ ਵਰਤੇ ਜਾਣ ਵਾਲੇ ਪਾਣੀ ਦੀ ਬਚਤ ਹੁੰਦੀ ਹੈ। ਕਿਉਂਕਿ ਝੋਨੇ ਦੀ ਫਸਲ ਕਟਣ ਤੋਂ ਬਾਅਦ ਖੇਤ ਦੇ ਵਤਰ ਵਿਚ ਕਣਕ ਦੀ ਬਿਜਾਈ ਹੋ ਜਾਂਦੀ ਹੈ।  ਹੈਪੀ ਸੀਡਰ ਨਾਲ ਬੀਜੀ ਕਣਕ ਤੋਂ ਵਧ ਝਾੜ ਲੈਣ ਲਈ  ਖੇਤ ਨੂੰ ਝੋਨੇ ਲਗਾਉਣ ਤੋਂ ਪਹਿਲਾਂ ਲੇਜਰ ਲੈਵਲਰ ਰਾਹੀਂ ਪੱਧਰ ਕਰਵਾ ਲਿਆ ਜਾਵੇ। ਬੀਜ ਦੀ ਮਾਤਰਾ ਸਿਫਾਰਸ਼ ਤੋਂ 5—10 ਕਿਲੋ ਪ੍ਰਤੀ ਏਕੜ ਵੱਧ ਰਖੀ ਜਾਵੇ। ਬਿਜਾਈ ਵੇਲੇ ਡੀਏਪੀ. ਦੀ ਮਾਤਰਾ ਸਿਫਾਰਸ਼ ਤੋਂ 5 ਕਿਲੋ ਪ੍ਰਤੀ ਏਕੜ ਵਧ ਪਾਈ ਜਾਵੇ।ਸਵੇਰੇ ਜਾਂ ਸ਼ਾਮ ਨੂੰ ਤਰੇਲ ਪੈਣ ਵੇਲੇ ਹੈਪੀ ਸੀਡਰ ਨਾਲ ਬਿਜਾਈ ਨਾ ਕੀਤੀ ਜਾਵੇ।ਬਿਜਾਈ ਸਮੇਂ ਖੇਤ ਵਿਚ ਪੂਰਾ ਵਤਰ ਯਕੀਨੀ ਬਣਾਉਣ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਨੂੰ ਵਾਢੀ ਤੋਂ 2 ਹਫਤੇ ਪਹਿਲਾਂ ਅਖੀਰਲਾ ਪਾਣੀ ਲਗਾਇਆ ਜਾਵੇ ਅਤੇ ਹਲਕੀਆਂ ਜਮੀਨਾਂ ਨੂੰ ਵਾਢੀ ਤੋਂ 10 ਦਿਨਾਂ ਪਹਿਲਾਂ ਪਾਣੀ ਲਗਾਇਆ ਜਾਵੇ।ਝੋਨੇ ਦੀ ਲੁਆਈ ਤੋਂ ਪਹਿਲਾਂ ਇਕ ਏਕੜ ਵਿਚ ਘੱਟੋ—ਘੱਟ ਦੋ ਕਿਆਰੇ ਪਾਏ ਜਾਣ। ਕਣਕ ਵਿਚ ਚੂਹਿਆਂ ਦੀ ਰੋਕਥਾਮ ਲਈ ਦਵਾਈ ਪਾਉਣੀ ਚਾਹੀਦੀ ਹੈ ਤੇ ਸਤੰਬਰ—ਅਕਤੂਬਰ ਮਹੀਨੇ ਵਿਚ ਝੋਨੇ ਦੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਉਕਤ ਸਲਾਹ ਦੀ ਪਾਲਣਾ ਕਰਦਿਆਂ ਪਰਾਲੀ ਨੂੰ ਬਿਨਾਂ ਅਗ ਲਗਾਏ ਫਸਲ ਦੀ ਬਿਜਾਈ ਕੀਤੀ ਜਾਵੇ ਅਤੇ ਵਾਤਾਵਰਣ ਨੂੰ ਸਾਫ—ਸੁਥਰਾ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਪਾਹਿਆ ਜਾਵੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।