ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪ੍ਰਸ਼ਾਸ਼ਨ ਨੇ ਕੀਤਾ ਨਿਵੇਕਲਾ ਉਪਰਾਲਾ

  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਸਮਾਨ ਇੱਕੋ ਥਾਂ ਹੇਠ ਵੇਚਣ ਲਈ ਅੰਬਰੀ ਬ੍ਰਾਂਡ ਕੀਤਾ ਗਿਆ ਲਾਂਚ
  • ਆਮ ਲੋਕਾਂ ਨੂੰ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਖਾਣ-ਪੀਣ ਦਾ ਸਮਾਨ ਖਰੀਦਣ ਦੀ ਕੀਤੀ ਅਪੀਲ
  • ਸਮਾਨ ਆਨ ਲਾਇਨ ਖਰੀਦਣ ਲਈ ਪ੍ਰਸ਼ਾਸ਼ਨ ਨੇ ਬਣਾਇਆ ਕਿਉ.ਆਰ. ਕੋਡ

ਫ਼ਤਹਿਗੜ੍ਹ ਸਾਹਿਬ, 29 ਨਵੰਬਰ : ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਗਈਆਂ ਖਾਣ-ਪੀਣ ਦੀਆਂ ਵਸਤਾਂ ਇੱਕੋ ਨਾ ਹੇਠ ਵੇਚਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੰਬਰੀ ਨਾਮ ਦਾ ਬ੍ਰਾਂਡ ਤਿਆਰ ਕੀਤਾ ਹੈ ਤਾਂ ਜੋ ਇਸ ਸਮਾਨ ਦੀ ਵੱਧ ਤੋਂ ਵੱਧ ਮਾਰਕੀਟਿੰਗ ਕਰਕੇ ਔਰਤਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਬਰੀ ਬ੍ਰਾਂਡ ਦੀ ਲਾਂਚਿੰਗ ਮੌਕੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪਿੰਡਾਂ ਦੀਆਂ 10 ਔਰਤਾਂ ਦਾ ਸੈਲਫ ਹੈਲਪ ਗਰੁੱਪ ਬਣਾਇਆ ਜਾਂਦਾ ਹੈ ਅਤੇ ਇਹ ਔਰਤਾਂ ਕਰਜਾ ਲੈ ਕੇ ਸਮਾਨ ਤਿਆਰ ਕਰਦੀਆਂ ਹਨ ਜੋ ਕਿ ਵੱਖ-ਵੱਖ ਪਲੇਟਫਾਰਮਾਂ ਤੇ ਵੇਚਿਆ ਜਾਂਦਾ ਹੈ। ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਅੰਬਰੀ ਬ੍ਰਾਂਡ ਦਾ ਇਸ ਸਮਾਨ ਦੀ ਮਾਰਕੀਟਿੰਗ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਚੰਡੀਗੜ੍ਹ, ਲੁਧਿਆਣਾ, ਜਲੰਧਰ ਤੇ ਪਟਿਆਲਾ ਆਦਿ ਦੀਆਂ ਵੱਡੀਆਂ ਦੁਕਾਨਾਂ ਰਾਹੀਂ ਵੀ ਕੀਤੀ ਜਾਵੇਗੀ ਤਾਂ ਜੋ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਗਈਆਂ ਖਾਣ ਪੀਣ ਦੀਆਂ ਵਸਤਾਂ ਹਰੇਕ ਘਰ ਤੱਕ ਪਹੁੰਚਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਦਾ ਇਹ ਸਮਾਨ ਆਨ ਲਾਇਨ ਵੀ ਆਰਡਰ ਕੀਤਾ ਜਾ ਸਕਦਾ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਇੱਕ ਕਿਉ.ਆਰ. ਕੋਡ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਨਾਗਰਿਕ ਆਪਣੇ ਘਰ ਬੈਠਾ ਇਹ ਸਮਾਨ ਖਰੀਦ ਸਕੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹੈ ਤਾਂ ਜੋ ਔਰਤਾਂ ਆਪਣੇ ਪਰਿਵਾਰਾਂ ਦੀ ਆਰਥਿਕਤਾ ਨੂੰ ਮਜਬੁਤ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਦਾ ਸਮਾਨ ਇੱਕੋ ਥਾਂ ਹੇਠ ਲਿਆਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮਾਨ ਦੀ ਪੈਕਜਿੰਗ ਲਈ ਵਧੀਆ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਅੰਬਰੀ ਬ੍ਰਾਂਡ ਹੇਠ ਵੇਚਿਆ ਜਾਣ ਵਾਲਾ ਸਮਾਨ ਵੱਧ ਤੋਂ ਵੱਧ ਖਰੀਦਣ ਕਿਉਂਕਿ ਇਹ ਸਮਾਨ ਬਿਨਾਂ ਰਸਾਇਣਾਂ ਤੋਂ ਜੈਵਿਕ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਮਨੁੱਖੀ ਸਿਹਤ ਨੂੰ ਕੋਈ ਖਤਰਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਅੰਬਰੀ ਬ੍ਰਾਂਡ ਦੇ ਸਮਾਨ ਦੀ ਐਮਾਜਾਨ ਤੇ ਹੋਰ ਥਾਵਾਂ ਤੇ ਉਪਲਬਧ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਨਾਲ ਦਿਹਾਤੀ ਖੇਤਰ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਜੇਲ੍ਹ ਵਿੱਚ ਬੰਦੀ ਔਰਤਾਂ ਲਈ ਸਹਿਜ ਨਾਮ ਹੇਠ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਜੇਲ੍ਹਾਂ ਵਿੱਚ ਬੰਦ ਮਹਿਲਾਵਾਂ ਨੂੰ ਫੁਲਕਾਰੀ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਔਰਤਾਂ ਆਪਣੀ ਰਿਹਾਈ ਉਪਰੰਤ ਚੰਗੇ ਨਾਗਰਿਕ ਦੀ ਤਰ੍ਹਾਂ ਆਪਣਾ ਜੀਵਨ ਨਿਰਵਾਹ ਕਰ ਸਕਣ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆ ਸਮੇਤ ਅੰਬਰੀ ਬ੍ਰਾਂਡ ਦੇ ਸਮਾਨ ਦੀ ਖਰੀਦ ਵੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਈਸ਼ਾ ਸਿੰਗਲ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਭਿਸ਼ੇਕ ਸ਼ਰਮਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਹਿਤੇਨ ਕਪਿਲਾ, ਡੀ.ਡੀ.ਐਫ. ਮਿਸ: ਮਿਯੂਰੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।