ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਘੱਗਰ ਦਰਿਆ ਦੇ ਬੰਨ੍ਹ ਮਜ਼ਬੂਤ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਵਾਉਣੇ ਬਣਾਏ ਜਾ ਰਹੇ ਹਨ ਯਕੀਨੀ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ

  • ਡੀ.ਸੀ. ਜਤਿੰਦਰ ਜੋਰਵਾਲ ਨੇ ਹੋਰਨਾਂ ਅਧਿਕਾਰੀਆਂ ਨਾਲ ਮੋਟਰਸਾਈਕਲ ਤੇ ਬੈਠ ਮਕੌਰੜ ਸਾਹਿਬ ਤੋਂ ਮੂਨਕ-ਟੋਹਾਣਾ ਸੜਕ ਤੱਕ ਲਿਆ ਘੱਗਰ ਦਰਿਆ ਦੇ ਬੰਨ੍ਹ ਮਜਬੂਤ ਕਰਨ ਲਈ ਕੀਤੇ ਕੰਮਾਂ ਦਾ ਜਾਇਜ਼ਾ

ਮੂਨਕ/ਸੰਗਰੂਰ, 1 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸੰਭਾਵੀ ਇਲਾਕਿਆਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਘੱਗਰ ਦਰਿਆ ਦੇ ਬੰਨ੍ਹ ਮਜ਼ਬੂਤ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਵਾਉਣੇ ਯਕੀਨੀ ਬਣਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਇੱਥੇ ਮਕੌਰੜ ਸਾਹਿਬ ਤੋਂ ਲੈਂ ਕੇ ਮੂਨਕ-ਟੋਹਾਣਾ ਸੜਕ ਤੱਕ ਘੱਗਰ ਦਰਿਆ ਦੇ ਬੰਨ੍ਹਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੋਟਰਸਾਈਕਲ ਉੱਪਰ ਬੈਠ ਕੇ ਘੱਗਰ ਦਰਿਆ ਦੇ ਬੰਨ੍ਹ ਮਜਬੂਤ ਕਰਨ ਲਈ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਅਤੇ ਮੌਕੇ ਤੇ ਹੀ ਐਸ.ਡੀ.ਐਮ. ਮੂਨਕ ਸੂਬਾ ਸਿੰਘ ਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਬੰਨ੍ਹ ਟੁੱਟਣ ਵਾਲੇ ਸੰਭਾਵੀ ਇਲਾਕਿਆਂ ਉੱਪਰ ਪੂਰੀ ਚੌਕਸੀ ਨਾਲ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਸਾਲ ਪਹਿਲੀ ਵਾਰ ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਚੱਲਿਆ ਪਰ ਪਹਾੜਾਂ ਵਿੱਚ ਪਈ ਭਾਰੀ ਬਰਸਾਤ ਕਰਕੇ ਬੇਹਿਸਾਬਾ ਪਾਣੀ ਆਉਣ ਕਾਰਨ ਹੀ ਕਈ ਥਾਵਾਂ ਤੇ ਪਾੜ ਪਏ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰੋਕੂ ਗਤੀਵਿਧੀਆਂ ਨੂੰ ਬਰਸਾਤਾਂ ਤੋਂ ਪਹਿਲਾਂ ਹੀ ਸ਼ੁਰੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਬੰਨ੍ਹ ਵੱਧ ਤੋਂ ਵੱਧ ਮਜ਼ਬੂਤ ਕਰਵਾ ਕੇ ਸੰਭਾਵੀ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੰਨ੍ਹ ਦੀ ਮਜ਼ਬੂਤੀ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਰੋਜ਼ਾਨਾ ਪੱਧਰ ਉੱਪਰ ਰਿਪੋਰਟ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬੰਨ੍ਹ ਦੀ ਪੁਖ਼ਤਾ ਮਜ਼ਬੂਤੀ ਯਕੀਨੀ ਬਣਾਉਣ ਤੋਂ ਬਾਅਦ ਲੋੜੀਂਦੀ ਮਾਤਰਾ ਵਿੱਚ ਖਾਲੀ ਥੈਲੇ, ਲੋਹੇ ਦੀ ਤਾਰ ਦੇ ਜਾਲ, ਦਵਾਈਆਂ, ਕਿਸ਼ਤੀਆਂ ਆਦਿ ਦਾ ਅਗਾਊਂ ਪ੍ਰਬੰਧ ਕਰਵਾਉਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਐਸ.ਡੀ.ਐਮ. ਮੂਨਕ ਨੂੰ ਇਸ ਕੰਮ ਦੀ ਨਿਰੰਤਰ ਨਿਗਰਾਨੀ ਰੱਖਣ ਲਈ ਵੀ ਕਿਹਾ। ਇਸ ਮੌਕੇ ਐਕਸੀਅਨ ਡਰੇਨੇਜ਼ ਗੁਣਦੀਪ ਬਾਂਸਲ ਤੇ ਜੇ.ਈ. ਹਰਦੀਪ ਸਿੰਘ ਵੀ ਹਾਜ਼ਰ ਸਨ।